ਵੈਨਕੂਵਰ, 24 ਮਈ- ਪੀਲ ਪੁਲੀਸ ਨੇ ਬੈਂਕਾਂ ਵਿੱਚ ਜਾਅਲੀ ਵਪਾਰਕ ਖਾਤੇ ਖੋਲ੍ਹ ਕੇ ਉਨ੍ਹਾਂ ਵਿੱਚ ਜਾਅਲੀ ਚੈੱਕ ਜਮ੍ਹਾਂ ਕਰਵਾ ਕੇ ਰਕਮਾਂ ਹੜੱਪਣ ਵਾਲੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਲੰਘੇ ਦੋ ਮਹੀਨਿਆਂ ਵਿੱਚ ਇੰਜ ਕਰ ਕੇ ਬੈਂਕਾਂ ਨਾਲ ਢਾਈ ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਕੋਮਲ ਗਰੇਵਾਲ (35) ਵਾਸੀ ਬਰੈਂਪਟਨ ਅਤੇ ਅਵੀਰਾਜ ਸਲੋਤਾ (26) ਵਾਸੀ ਨਿਆਗਰਾ ਫਾਲ ਵਜੋਂ ਹੋਈ ਹੈ, ਜਿਨ੍ਹਾਂ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਮਾਮਲੇ ਦਾ ਤੀਜਾ ਮੁਲਜ਼ਮ ਸਈਅਦ ਕਿਰਮਾਨੀ (48) ਵਾਸੀ ਬਰੈਂਪਟਨ ਅਜੇ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਪੁਲੀਸ ਦਾ ਦਾਅਵਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕੈਨੇਡਾ ਵਿੱਚ ਕਈ ਹੋਰ ਥਾਵਾਂ ’ਤੇ ਵੀ ਇਸੇ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਹੋਣਗੀਆਂ, ਜਿਸ ਸਬੰਧੀ ਦੇਸ਼ ਭਰ ਵਿੱਚ ਲੋਕਾਂ ਕੋਲੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਸਹਿਯੋਗ ਮੰਗਿਆ ਗਿਆ ਹੈ। ਮੁਲਜ਼ਮ ਬੈਂਕ ਵਿੱਚ ਜਾਅਲੀ ਕਾਰੋਬਾਰੀ ਖਾਤੇ ਖੋਲ੍ਹਦੇ ਸਨ ਅਤੇ ਉਨ੍ਹਾਂ ਵਿੱਚ ਜਾਅਲੀ ਚੈੱਕ ਜਮ੍ਹਾਂ ਕਰਵਾ ਕੇ ਰਕਮ ਕਢਵਾ ਲੈਂਦੇ ਸਨ। ਬੈਂਕਾਂ ਨੂੰ ਜਾਅਲਸਾਜ਼ੀ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਫ਼ਰਾਰ ਹੋ ਜਾਂਦੇ ਸਨ। ਪੁਲੀਸ ਅਨੁਸਾਰ ਹੁਣ ਤੱਕ ਮੁਲਜ਼ਮਾਂ ਵੱਲੋਂ ਕੀਤੀ ਗਈ ਢਾਈ ਲੱਖ ਡਾਲਰ ਦੀ ਠੱਗੀ ਤਾਂ ਸਾਹਮਣੇ ਆ ਚੁੱਕੀ ਹੈ, ਪਰ ਅਜੇ ਹੋਰ ਕੇਸ ਵੀ ਦਰਜ ਹੋ ਸਕਦੇ ਹਨ।

You must be logged in to post a comment Login