ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਰੁਕਾਵਟ

ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਰੁਕਾਵਟ

ਜਲੰਧਰ : ਕੈਨੇਡਾ ਵਿਚ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਉਥੇ ਪੀ. ਆਰ. ਹਾਸਲ ਕਰਨ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਬੁਰੀ ਖਬਰ ਹੈ। ਕੈਨੇਡਾ ਵਿਚ ਦਾਖਲਾ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਅਤੇ ਹੋਰਨਾਂ ਦਸਤਾਵੇਜ਼ਾਂ ਦਾ ਮੁਲਾਂਕਣ ਕਰਨ ਵਾਲੀ ਵਰਲਡ ਐਜੂਕੇਸ਼ਨ ਸਰਵੀਸਿਜ਼ ਏਜੰਸੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿੱਖਿਆ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਕਰਨਾ ਬੰਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ. ਟੈੱਕ ਅਤੇ ਐੱਮ. ਬੀ. ਏ. ਸਮੇਤ ਇੰਜੀਨੀਅਰਿੰਗ ਅਤੇ ਮੈਨੇਜੈਂਟ ਦੇ ਹੋਰ ਕੋਰਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਹੁਣ ਕੈਨੇਡਾ ਦੀ ਐਂਟਰੀ ਬੰਦ ਹੋ ਜਾਵੇਗੀ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਦੇ ਪ੍ਰਮਾਣ ਪੱਤਰਾਂ ਦਾ ਮੁਲਾਂਕਣ ਨਹੀਂ ਹੋ ਸਕੇਗਾ।
ਤੁਹਾਨੂੰ ਦੱਸ ਦੇਈਏ ਕਿ ਵਰਲਡ ਐਜੂਕੇਸ਼ਨ ਸਰਵੀਸਿਜ਼ ਵਲੋਂ ਕੀਤਾ ਜਾਣ ਵਾਲਾ ਇਹ ਮੁਲਾਂਕਣ ਵਿਦਿਆਰਥੀਆਂ ਲਈ ਕੈਨੇਡਾ ਵਿਚ ਦਾਖਲੇ ਦੀ ਪਹਿਲੀ ਕੜੀ ਹੁੰਦਾ ਹੈ। ਇਸ ਮੁਲਾਂਕਣ ਤੋਂ ਬਾਅਦ ਹੀ ਕੈਨੇਡਾ ਦੀ ਅੰਬੈਸੀ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਕੈਨੇਡਾ ਵਿਚ ਦਾਖਲ ਹੋਣ ਜਾਂ ਪੀ. ਆਰ. ਸੰਬੰਧੀ ਕੋਈ ਫੈਸਲਾ ਲੈਂਦੀ ਹੈ। ਵਰਲਡ ਐਜੂਕੇਸ਼ਨ ਸਰਵੀਸਿਜ਼ ਵਲੋਂ ਲਏ ਗਏ ਇਸ ਇਕ ਤਰਫਾ ਫੈਸਲੇ ਕਾਰਨ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ ਜਿਨ੍ਹਾਂ ਨੇ ਪੀ. ਟੀ. ਯੂ. ਤੋਂ ਪੜ੍ਹਾਈ ਕਰਕੇ ਆਪਣੀ ਫਾਈਲ ਕੈਨੇਡਾ ਲਈ ਲਗਾਈ ਹੋਈ ਸੀ।
ਡਬਲਯੂ. ਈ. ਐੱਸ. ਦੇ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੇ ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੂੰ ਪਹੁੰਚ ਕਰਕੇ ਆਪਣਾ ਦੁੱਖ ਦੱਸਿਆ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਕੈਨੇਡਾ ਨਾਲ ਗੱਲ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ‘ਤੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਵੀ ਇਸ ਮਾਮਲੇ ਵਿਚ ਦਖਲ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਡਬਲਯੂ. ਈ. ਐੱਸ. ਦਾ
ਇਸ ਸੰਬੰਧ ਵਿਚ ਡਬਲਯੂ. ਈ. ਐੱਸ. ਨੇ ਟਵਿੱਟਰ ‘ਤੇ ਹੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਅਸੈਸਮੈਂਟ ਏਜੰਸੀ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਦੇ ਬਦਲਦੇ ਹਾਲਾਤ ਅਤੇ ਜਾਂਚ ਤੋਂ ਬਾਅਦ ਹੀ ਏਜੰਸੀ ਨੇ ਪੀ. ਟੀ.ਯੂ. ਦੇ ਵਿਦਿਆਰਥੀਆਂ ਦੀ ਅਸੈਸਮੈਂਟ ਦਾ ਕੰਮ ਰੋਕਿਆ ਹੈ ਅਤੇ ਅਸੀਂ ਇਸ ਸੰਬੰਧ ਵਿਚ ਵਿਦਿਆਰਥੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਖੇਦ ਜਤਾਉਂਦੇ ਹਾਂ. ਨਾਲ ਹੀ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਪੀ. ਟੀ. ਯੂ. ਦੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਅਸੈਸਮੈਂਟ ਲਈ ਏਜੰਸੀ ਕੋਲ ਆਈਆਂ ਹਨ, ਉਨ੍ਹਾਂ ਨੂੰ ਫੀਸ ਰਿਫੰਡ ਕਰ ਦਿੱਤੀ ਜਾਵੇਗੀ।
ਕੀ ਕਹਿਣਾ ਹੈ ਪੀ. ਟੀ. ਯੂ. ਦਾ
ਡਬਲਯੂ. ਈ. ਐੱਸ. ਦੇ ਜਵਾਬ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੋਲ ਵੀ ਇਸ ਸੰਬੰਧੀ ਪਹੁੰਚ ਕੀਤੀ ਹੈ। ਵਿਦਿਆਰਥੀਆਂ ਨੂੰ ਦਿੱਤੇ ਗਏ ਜਵਾਬ ਦੇ ਵਿਚ ਯੂਨੀਵਰਸਿਟੀ ਦੇ ਡੀਨ (ਅਕੈਡਮਿਕ) ਦੇ ਪਰਸਨਲ ਅਸਿਸਟੈਂਟ ਨਰੇਸ਼ ਕੁਮਾਰ ਨੇ ਲਿਖਿਆ ਹੈ ਕਿ ਯੂਨੀਵਰਸਿਟੀ ਇਸ ਸੰਬੰਧੀ ਡਬਲਯੂ. ਈ. ਐੱਸ. ਨਾਲ ਗੱਲਬਾਤ ਕਰ ਰਹੀ ਹੈ ਅਤੇ ਜਿਸ ਤਰ੍ਹਾਂ ਹੀ ਇਸ ਮਾਮਲੇ ਵਿਚ ਕੋਈ ਫੈਸਲਾ ਹੁੰਦਾ ਹੈ ਤਾਂ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਸ ਬਾਰੇ ਸੂਚਿਤ ਕਰੇਗੀ।

You must be logged in to post a comment Login