ਕੈਨੇਡਾ ਤੋਂ ਡਿਪੋਰਟ ਹੋ ਸਕਦੇ ਹਨ ਇਹ ਪੰਜਾਬੀ

ਕੈਨੇਡਾ ਤੋਂ ਡਿਪੋਰਟ ਹੋ ਸਕਦੇ ਹਨ ਇਹ ਪੰਜਾਬੀ

ਵੈਨਕੂਵਰ,  13 ਅਕਤੂਬਰ : ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ‘ਤੇ ਨਾਗਰਿਕਾਂ ਦੇ ਮੇਲ ਬਾਕਸਾਂ ‘ਚੋਂ ਕਰੀਬ 400,000 ਡਾਲਰ ਮੁੱਲ ਦੇ ਕ੍ਰੈਡਿਟ ਕਾਰਡ, ਪਛਾਣ ਪੱਤਰ (IDs) ਅਤੇ ਗਿਫਟ ਕਾਰਡ ਚੋਰੀ ਕਰਨ ਦੇ ਦੋਸ਼ ਹਨ। ਮਿਸੀਸਾਗਾ ਅਤੇ ਬਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਸ ਦੀ ਵੱਡੀ ਜਾਂਚ ‘ਆਪ੍ਰੇਸ਼ਨ ਅਨਡਿਲਿਵਰੇਬਲ’ (Operation Undeliverable) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਂਚ ਮੇਲ ਬਾਕਸਾਂ ਵਿੱਚੋਂ ਚੈੱਕ, ਸਰਕਾਰੀ ਪਛਾਣ ਪੱਤਰਾਂ ਅਤੇ ਗਿਫਟ ਕਾਰਡਾਂ ਸਮੇਤ ਡਾਕ ਸਾਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਅਦਾਲਤ ਦੇ ਫੈਸਲੇ ਮਗਰੋਂ ਇਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਨ੍ਹਾਂ 8 ਵਿਅਕਤੀਆਂ ‘ਤੇ ਸਮੂਹਿਕ ਤੌਰ ‘ਤੇ ਕੁੱਲ 344 ਦੋਸ਼ ਲਗਾਏ ਗਏ ਹਨ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਉਹ ਪੀਲ ਕਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕੀ ਇਨ੍ਹਾਂ ਨੂੰ ਦੇਸ਼ ‘ਚੋਂ ਡਿਪੋਰਟ ਕੀਤਾ ਜਾਵੇ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 400,000 ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ। ਚੋਰੀ ਹੋਈ ਡਾਕ ਵਿੱਚ 255 ਚੈੱਕ, 182 ਕ੍ਰੈਡਿਟ ਕਾਰਡ, 35 ਸਰਕਾਰੀ ਪਛਾਣ ਪੱਤਰ (IDs) ਅਤੇ 20 ਗਿਫਟ ਕਾਰਡ ਸ਼ਾਮਲ ਸਨ।

ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਂ ਇਸ ਪ੍ਰਕਾਰ ਹਨ:
ਸੁਮਨਪ੍ਰੀਤ ਸਿੰਘ (28), ਮਿਸੀਸਾਗਾ
ਗੁਰਦੀਪ ਚੱਠਾ (29), ਮਿਸੀਸਾਗਾ
ਜਸ਼ਨਦੀਪ ਜਟਾਣਾ (23), ਮਿਸੀਸਾਗਾ
ਹਰਮਨ ਸਿੰਘ (28), ਬਰੈਂਪਟਨ
ਜਸ਼ਨਪ੍ਰੀਤ ਸਿੰਘ (21), ਬਰੈਂਪਟਨ
ਮਨਰੂਪ ਸਿੰਘ (23), ਬਰੈਂਪਟਨ
ਰਾਜਬੀਰ ਸਿੰਘ (26)
ਉਪਿੰਦਰਜੀਤ ਸਿੰਘ (28)

You must be logged in to post a comment Login