ਕੈਨੇਡਾ ਦੀਆਂ ਚੋਣਾਂ ’ਚ ਦਖ਼ਲ ਦੇ ਸਕਦੇ ਨੇ ਭਾਰਤ ਤੇ ਚੀਨ

ਕੈਨੇਡਾ ਦੀਆਂ ਚੋਣਾਂ ’ਚ ਦਖ਼ਲ ਦੇ ਸਕਦੇ ਨੇ ਭਾਰਤ ਤੇ ਚੀਨ

ਓਟਵਾ, 26 ਮਾਰਚ- ਕੈਨੇਡਾ ਦੀ ਕੌਮੀ ਖੁਫ਼ੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਦੇਸ਼ ਵਿੱਚ 28 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰ ਸਕਦੇ ਹਨ। ਏਜੰਸੀ ਨੇ ਰੂਸ ਅਤੇ ਪਾਕਿਸਤਾਨ ਦਾ ਨਾਮ ਵੀ ਅਜਿਹੇ ਦੇਸ਼ਾਂ ਵਜੋਂ ਲਿਆ ਹੈ, ਜੋ ਚੋਣਾਂ ਵਿੱਚ ਗੜਬੜੀ ਦੀ ਕੋਸ਼ਿਸ਼ ਕਰ ਸਕਦੇ ਹਨ। ਖ਼ਫ਼ੀਆ ਏਜੰਸੀ ਕੈਨੇਡਿਆਈ ਸੁਰੱਖਿਆ ਖੁਫ਼ੀਆ ਸੇਵਾ (ਸੀਐੱਸਆਈਐੱਸ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦਾਅਵਾ ਕੀਤਾ। ਇਹ ਟਿੱਪਣੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਓਟਵਾ ਦੇ ਭਾਰਤ ਅਤੇ ਚੀਨ ਦੋਵਾਂ ਨਾਲ ਸਬੰਧਾਂ ਵਿੱਚ ਕੁੜੱਤਣ ਹੈ। ਜਨਵਰੀ ਵਿੱਚ ਜਾਰੀ ਅੰਤਿਮ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਭਾਰਤ ਅਤੇ ਚੀਨ ਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਨਤੀਜੇ ਪ੍ਰਭਾਵਿਤ ਨਹੀਂ ਹੋ ਸਕੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੇ ਇਨ੍ਹਾਂ ਖ਼ਤਰਿਆਂ ਦਾ ਜਵਾਬ ਦੇਣ ਵਿੱਚ ਦੇਰੀ ਕੀਤੀ ਹੈ। ਹਾਲਾਂਕਿ, ਪੇਈਚਿੰਗ ਅਤੇ ਨਵੀਂ ਦਿੱਲੀ ਨੇ ਦਖ਼ਲਅੰਦਾਜ਼ੀ ਦੇ ਪਿਛਲੇ ਦੋਸ਼ਾਂ ਦਾ ਖੰਡਨ ਕੀਤਾ ਹੈ।

You must be logged in to post a comment Login