ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

ਵੈਨਕੂਵਰ, 15 ਮਾਰਚ- ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney, Prime Minister of Canada) ਨੇ ਆਪਣੇ ਸਹੁੰ-ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਦੇਸ਼ ਦੇ ਲੋਕਾਂ ਦੇ ਸਿਰੋਂ ਕਾਰਬਨ ਟੈਕਸ ਦਾ ਬੋਝ ਲਾਹ ਦਿੱਤਾ ਹੈ। ਆਪਣੀ ਸਰਕਾਰ ਦੇ ਪਹਿਲੇ ਫੈਸਲੇ ਦਾ ਐਲਾਨ ਕਰ ਕੇ ਮੰਤਰੀ ਮੰਡਲ ਵਲੋਂ ਇਸ ਨੂੰ ਤੁਰੰਤ ਲਾਗੂ ਕਰਨ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਗਈ। ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਹੁਣ ਤੱਕ ਕਾਰਬਨ ਟੈਕਸ ਦਾ ਮੁਆਵਜ਼ਾ ਲੈ ਰਹੇ ਸਨ, ਉਨ੍ਹਾਂ ਨੂੰ ਚਾਲੂ ਤਿਮਾਹੀ ਦੇ ਮੁਆਵਜ਼ੇ ਦੀ ਅਦਾਇਗੀ ਅਪਰੈਲ ਮਹੀਨੇ ਕਰ ਦਿੱਤੀ ਜਾਏਗੀ ਤੇ ਅੱਗੋਂ ਮੁਆਵਜ਼ਾ ਬੰਦ ਹੋ ਜਾਏਗਾ। ਪਾਰਲੀਮੈਂਟ ਦਾ ਸੈਸ਼ਨ ਸੱਦਣ ਜਾਂ ਚੋਣਾਂ ਦੇ ਐਲਾਨ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਫੈਸਲਾ ਕਰੀਬਨ ਹੋ ਚੁੱਕਾ ਹੈ, ਜਿਸ ਨੂੰ ਜਲਦੀ ਜਨਤਕ ਕੀਤਾ ਜਾਏਗਾ। ਉਨ੍ਹਾਂ ਸਮੇਂ ਤੋਂ ਪਹਿਲਾਂ ਚੋਣਾਂ ਦਾ ਸੰਕੇਤ ਦਿੰਦੇ ਹੋਏ ਜਲਦੀ ਚੋਣਾਂ ਕਰਾਉਣ ਬਾਰੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਠੋਸ ਬਹੁਮਤ ਦੀ ਲੋੜ ਹੈ ਤਾਂ ਜੋ ਲੋਕ ਭਲਾਈ ਦੇ ਕੰਮ ਕਰਨ ਅਤੇ ਟੈਰਿਫ ਝਮੇਲਿਆਂ ’ਚੋਂ ਬਾਹਰ ਨਿਕਲ ਕੇ ਦੇਸ਼ ਨੂੰ ਤਰੱਕੀ ਦੇ ਰਸਤੇ ਪਾਇਆ ਜਾ ਸਕੇ। ਸਿਆਸੀ ਸੋਚ ਵਾਲੇ ਲੋਕਾਂ ਵਲੋਂ ਇਸ ਸੰਕੇਤ ਨੂੰ ਸਰਕਾਰ ਵਲੋਂ ਲੋਕਾਂ ਦੀ ਪਸੰਦ ਦੇ ਠੋਸ ਫੈਸਲਿਆਂ ਦੇ ਐਲਾਨ ਤੋਂ ਬਾਅਦ ਚੋਣਾਂ ਦਾ ਐਲਾਨ ਸਮਝਿਆ ਜਾਣ ਲੱਗਾ ਹੈ। ਪ੍ਰਧਾਨ ਮੰਤਰੀ ਵਲੋਂ ਅਗਲੇ ਹਫਤੇ ਯੂਰਪ ਦੌਰੇ ਦੀਆਂ ਕਨਸੋਆਂ ਵੀ ਹਨ। ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਯੂਰਪੀਨ ਦੇਸ਼ਾਂ ਦੇ ਆਗੂਆਂ ਨੂੰ ਟਰੰਪ ਦੇ ਟੈਰਿਫ ਐਲਾਨਾਂ ਵਿਰੁੱਧ ਇੱਕਜੁੱਟ ਕਰਨ ਦੇ ਯਤਨ ਕੀਤੇ ਜਾਣਗੇ।

You must be logged in to post a comment Login