ਕੈਨੇਡਾ: ਪੰਜਾਬੀਆਂ ਦੀਆਂ ਅਚਾਨਕ ਮੌਤਾਂ ’ਤੇ ਉੱਠਦੇ ਸਵਾਲਾਂ ਦੀ ਸੂਈ ਨਸ਼ੇ ’ਤੇ ਅਟਕੀ

ਕੈਨੇਡਾ: ਪੰਜਾਬੀਆਂ ਦੀਆਂ ਅਚਾਨਕ ਮੌਤਾਂ ’ਤੇ ਉੱਠਦੇ ਸਵਾਲਾਂ ਦੀ ਸੂਈ ਨਸ਼ੇ ’ਤੇ ਅਟਕੀ

ਵੈਨਕੂਵਰ, 19 ਜੂਨ- ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਆਏ ਨੌਜਵਾਨਾਂ ਦੀਆਂ ਮੌਤਾਂ ’ਚ ਅਚਾਨਕ ਹੋਏ ਵਾਧੇ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਬਹੁਤੀਆਂ ਮੌਤਾਂ ਨਸ਼ਿਆਂ ਦੀ ਓਵਰਡੋਜ਼ ਕਾਰਨ ਹੁੰਦੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਲੁਕਾਉਣ ਅਤੇ ਮਾਪਿਆਂ ਵੱਲੋਂ ਸਮਾਜਿਕ ਨਮੋਸ਼ੀ ਦੇ ਡਰੋਂ ਇਹ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਦੱਸੀਆਂ ਜਾਂਦੀਆਂ ਹਨ। ਪੋਸਟਮਾਰਟਮ ਰਿਪੋਰਟ ਸਿਰਫ ਮਾਪਿਆਂ ਜਾਂ ਪਰਿਵਾਰ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ। ਬੀਤੇ ਹਫਤਿਆਂ ’ਚ 20-22 ਸਾਲਾਂ ਦੇ ਕਈ ਨੌਜਵਾਨਾਂ ਦੀ ਹੋਈਆਂ ਮੌਤਾਂ ਦੀ ਪੁਖਤਾ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੀ ਮੌਤ ਦਾ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਸੀ ਪਰ ਪੰਜਾਬ ਵਿਚ ਉਨ੍ਹਾਂ ਦੇ ਨੇੜਲਿਆਂ ਦੇ ਹਵਾਲੇ ਨਾਲ ਲੱਗੀਆਂ ਖਬਰਾਂ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਅਜਿਹੀਆਂ ਮੌਤਾਂ ਦੇ ਕਾਰਨਾਂ ਦੀ ਸਹੀ ਜਾਣਕਾਰੀ ਰੱਖਣ ਵਾਲੇ ਪੁਲੀਸ ਮੁਲਾਜ਼ਮ, ਡਾਕਟਰਾਂ ਅਤੇ ਸਮਾਜਸੇਵੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਬਾਰੇ ਕੋਈ ਵੀ ਜਨਤਕ ਤੌਰ ’ਤੇ ਬੋਲਣ ਲਈ ਤਿਆਰ ਨਹੀਂ ਹੁੰਦਾ। ਅਸਲ ਕਾਰਨ ਲੁਕਾਉਣ ਪਿੱਛੇ ਤਰਸ ਦੇ ਪਾਤਰ ਬਣੇ ਪੀੜਤ ਮਾਪਿਆਂ ਨਾਲ ਹਮਦਰਦੀ ਜੁੜੀ ਹੁੰਦੀ ਹੈ। ਇੱਕ ਪੰਜਾਬੀ ਪੁਲੀਸ ਅਫਸਰ ਨੇ ਨਸ਼ਿਆਂ ਦੀ ਭੇਟ ਚੜ੍ਹੇ ਆਪਣੇ ਪਿਤਾ ਦਾ ਦੁੱਖ ਫਰੋਲਦਿਆਂ ਕਿਹਾ ਕਿ ਮੌਤਾਂ ਦਾ ਅਸਲ ਕਾਰਨ ਮਿਲਾਵਟ ਤੋਂ ਬਿਨਾ (ਭਾਵ ਖ਼ਾਲਸ) ਨਸ਼ਾ ਤੇ ਰਸਾਇਣਾਂ ਦੀ ਵਰਤੋਂ ਹੈ। ਉਸ ਨੇ ਦੱਸਿਆ ਕਿ ਕਈ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਨੇੜਿਓਂ ਉਸ ਨੇ ਖੁਦ ਸੂਈਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਡਾਕਟਰ ਪਰਗਟ ਸਿੰਘ ਭੁਰਜੀ ਨੇ ਦੱਸਿਆ ਕਿ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤੀ ਜਾਂਦੀ ਦਵਾਈ ਕਾਰਫੈਂਟਾਨਿਲ ਰਵਾਇਤੀ ਨਸ਼ਿਆਂ ਤੋਂ ਸਸਤੀ ਹੋਣ ਕਰਕੇ ਇਸ ਦੀ ਓਵਰਡੋਜ਼ ਮੌਤ ਦਾ ਕਾਰਨ ਬਣਦੀ ਹੈ।

You must be logged in to post a comment Login