ਵੈਨਕੂਵਰ, 15 ਮਈ : ਮਿਸੀਸਾਗਾ ਦੀ ਡੈਰੀ ਰੋਡ ਨੇੜੇ ਟੈਲਫੋਰਡ ਵੇਅ ਤੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ (50) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਮ੍ਰਿਤਕ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ, ਪਰ ਘਟਨਾ ਸਥਾਨ ’ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਜੀਤ ਸਿੰਘ ਢੱਡਾ ਆਪਣੇ ਦਫਤਰ ਦੇ ਬਾਹਰ ਖੜੇ ਆਪਣੇ ਵਾਹਨ ਨਜ਼ਦੀਕ ਆਇਆ ਤਾਂ ਪਹਿਲਾਂ ਤੋਂ ਤਾਕ ਲਾ ਕੇ ਖੜੇ ਅਣਪਛਾਤੇ ਦੋਸ਼ੀਆਂ ਨੇ ਉਸ ’ਤੇ 15-16 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮੌਕੇ ਪਾਰਕਿੰਗ ’ਚ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਢੱਡਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।ਪੁਲੀਸ ਬੁਲਾਰੀ ਮਾਈਕਲ ਸਟੈਫਰਡ ਨੇ ਕਿਹਾ ਕਿ ਕੇਸ ਜਾਂਚ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਤਾ ਲਾਉਣ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ, ‘‘ਉਹ ਥੋੜੀ ਦੂਰ ਖੜਾ ਸੀ, ਜਦੋਂ ਬੰਦੂਕਧਾਰੀ ਪਾਰਕਿੰਗ ’ਚ ਖੜੀ ਕਾਰ ’ਚੋਂ ਨਿਕਲੇ ਅਤੇ ਗੋਲੀਆਂ ਚਲਾ ਕੇ ਵਾਪਸ ਉਸੇ ਕਾਰ ਵਿਚ ਫਰਾਰ ਹੋ ਗਏ।’’

You must be logged in to post a comment Login