ਕੈਨੇਡਾ: ਸਰੀ ’ਚ ਖ਼ਾਲਿਸਤਾਨ ਪੱਖੀ ਨੇਤਾ ਹਰਦੀਪ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ

ਸਰੀ , 19 ਜੂਨ – ਕੈਨੇਡਾ ਰਹਿੰਦੇ ਤੇ ਭਾਰਤ ਨੂੰ ਲੋੜੀਂਦੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ ਕੋਲੰਬੀਆ ਦੇ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਦੋ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਸੀ। ਜਲੰਧਰ ਦੇ ਪਿੰਡ ਦਾ ਰਹਿਣ ਵਾਲਾ ਨਿੱਝਰ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜਿਆ ਸੀ, ਜਿਸ ਉੱਤੇ ਭਾਰਤ ਵਿੱਚ ਪਾਬੰਦੀ ਹੈ। ਉਸ ’ਤੇ 10 ਲੱਖ ਰੁਪਏ ਦਾ ਇਨਮ ਸੀ। ਉਸ ਨੇ ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨੀ ਰਾਇਸ਼ਮਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ 31 ਜਨਵਰੀ 2021 ਨੂੰ ਜਲੰਧਰ ਵਿੱਚ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿੱਝਰ ਸਮੇਤ ਚਾਰ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ’ਤੇ ਪਿਛਲੇ ਸਾਲ ਸਰੀ ‘ਚ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ‘ਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦਾ ਦੋਸ਼ ਸੀ।

You must be logged in to post a comment Login