ਵੈਨਕੂਵਰ, 24 ਮਈ- ਸਰੀ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਬੰਧੀ ਕਮਾਂਡ ਕੇਂਦਰੀ ਪੁਲੀਸ ਹੱਥੋਂ ਲੈ ਕੇ ਸਰੀ ਪੁਲੀਸ ਹੱਥ ਸੌਂਪਣ ਦਾ ਅੜਿੱਕਾ ਅੱਜ ਦੂਰ ਹੋ ਗਿਆ ਹੈ। ਬੀਸੀ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾ ਦਿੱਤਾ ਹੈ। ਬੀਬੀ ਬਰੈਂਡਾ ਲੌਕ ਨੇ 2022 ਵਿੱਚ ਸਰੀ ਦੀ ਮੇਅਰ ਬਣਦੇ ਹੀ ਕੇਂਦਰੀ ਪੁਲੀਸ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਸੀ। ਰੌਇਲ ਕੈਨੇਡੀਅਨ ਮੌਂਟਿਡ ਪੁਲੀਸ 73 ਸਾਲਾਂ ਤੋਂ ਸਰੀ ਸ਼ਹਿਰ ਵਿੱਚ ਪੁਲੀਸ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਪਰ ਲੋਕਾਂ ਦੀ ਮੰਗ ਨੂੰ ਲੈ ਕੇ 2018 ਵਿੱਚ ਚੁਣੇ ਗਏ ਮੇਅਰ ਡੀ ਮੈਕਲਮ ਨੇ ਸਰੀ ਦਾ ਆਪਣਾ ਪੁਲੀਸ ਬੋਰਡ ਗਠਿਤ ਕਰ ਕੇ ਪੁਲੀਸ ਦੀ ਭਰਤੀ ਸ਼ੁਰੂ ਕਰਵਾ ਦਿੱਤੀ ਸੀ। ਉਹ ਆਪਣੇ ਕਾਰਜਕਾਲ ਦੌਰਾਨ ਕਾਨੂੰਨੀ ਕਾਰਵਾਈਆਂ ਪੂਰੀਆਂ ਨਹੀਂ ਸੀ ਕਰ ਸਕੇ। ਇਸ ਦਾ ਫਾਇਦਾ ਲੈਂਦਿਆਂ 2022 ਵਿੱਚ ਬਣੀ ਮੇਅਰ ਬਰੈਂਡਾ ਲੌਕ ਨੇ ਸਰੀ ਪੁਲੀਸ ਬੋਰਡ ਦਾ ਭੋਗ ਪਾਉਣ ਦਾ ਮਤਾ ਪਾਸ ਕੀਤਾ, ਪਰ ਸੂਬਾਈ ਸਰਕਾਰ ਸਥਾਨਕ ਪੁਲੀਸ ਦੇ ਸਮਰਥਨ ਵਿੱਚ ਆ ਗਈ ਅਤੇ ਲੋਕ ਸੁਰੱਖਿਆ ਮੰਤਰੀ ਤੇ ਸੌਲੀਸਿਟਰ ਜਨਰਲ ਮਾਈਕ ਫਾਰਨਵਰਥ ਨੇ ਮੇਅਰ ਨੂੰ ਆਉਂਦੇ ਨਵੰਬਰ ਦੇ ਅਖੀਰ ਤੱਕ ਸਰੀ ਪੁਲੀਸ ਨੂੰ ਕਮਾਂਡ ਸੰਭਾਲ ਕੇ ਕੇਂਦਰੀ ਪੁਲੀਸ ਨੂੰ ਫਾਰਗ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨੂੰ ਮੇਅਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਅੱਜ ਮੇਅਰ ਦੀ ਮੰਗ ਰੱਦ ਕਰ ਕੇ ਉਸ ਨੂੰ ਆਪਣੀ ਜ਼ਿੱਦ ਪੁਗਾਉਣ ਵਿੱਚ ਸਫ਼ਲ ਨਹੀਂ ਹੋਣ ਦਿੱਤਾ।
You must be logged in to post a comment Login