ਕੈਪਟਨ ਨੇ ਲੁਧਿਆਣਾ ਕੇਂਦਰੀ ਜੇਲ ‘ਚ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕੀਤੇ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ ‘ਚ ਅੱਜ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਇਸ ਘਟਨਾ ਵਿਚ ਇਕ ਕੈਦੀ ਦੇ ਮਾਰੇ ਜਾਣ ਜਦਕਿ ਪੰਜ ਕੈਦੀਆਂ ਅਤੇ ਲਗਭਗ ਅੱਧੀ ਦਰਜਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਇਸ ਘਟਨਾ ਦੀ ਵਿਸਥਾਰ ਵਿਚ ਜਾਂਚ ਕਰ ਕੇ ਹਿੰਸਾ ਲਈ ਉਕਸਾਉਣ ਵਾਲਿਆਂ ਦੀ ਸ਼ਨਾਖ਼ਤ ਕਰਨ ਲਈ ਆਖਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕ ਕੈਦੀ ਸਨੀ ਸੂਦ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਜਾਣ ਦੀ ਖ਼ਬਰ ਜੇਲ ‘ਚ ਪਹੁੰਚਣ ਤੋਂ ਬਾਅਦ ਸਵੇਰੇ ਲਗਭਗ 11:30 ਵਜੇ ਹਿੰਸਾ ਵਾਪਰੀ। ਸਨੀ ਸੂਦ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਇਕ ਮਾਮਲੇ ਵਿਚ ਵਿਚਾਰ ਅਧੀਨ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸਨੀ ਸੂਦ ਦੀ ਮੌਤ ਦੀ ਖਬਰ ਤੋਂ ਬਾਅਦ ਜੇਲ ‘ਚ ਦੰਗੇ ਹੋਏ ਅਤੇ 3100 ਦੇ ਕਰੀਬ ਹਵਾਲਾਤੀਆਂ ਨੇ ਆਪਣੀਆਂ ਬੈਰਕਾਂ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਕੈਦੀ ਉਸਾਰੀ ਦੇ ਚੱਲ ਰਹੇ ਕੰਮ ਲਈ ਬੈਰਕਾਂ ਤੋਂ ਬਾਹਰ ਸਨ। ਦੰਗਾਕਾਰੀ ਕੈਦੀਆਂ ਨੇ ਰਿਕਾਰਡ ਰੂਮ ਦੇ ਨਾਲ ਜੇਲ੍ਹ ਸੁਪਰਡੰਟ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਜੇਲ ਦੀ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।

You must be logged in to post a comment Login