ਕੈਪਟਨ ਵਲੋਂ ਸਿੱਖਾਂ ਦੇ ਕਰਤਾਰਪੁਰ ਦੇ ਸੁਪਨੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ‘ਤੇ ਸਾਂਪਲਾ ਦੀ ਆਲੋਚਨਾ

ਕੈਪਟਨ ਵਲੋਂ ਸਿੱਖਾਂ ਦੇ ਕਰਤਾਰਪੁਰ ਦੇ ਸੁਪਨੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ‘ਤੇ ਸਾਂਪਲਾ ਦੀ ਆਲੋਚਨਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਗ਼ੈਰ-ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਤਿੱਖੀ ਆਲੋਚਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸਵਿਧਾਵਾਂ ਮੁਹੱਈਆ ਕਰਾਉਣ ਲਈ ਢੰਗ ਤਰੀਕੇ ਲੱਭਣ ਦੀ ਥਾਂ ਕੇਂਦਰ ਸਰਕਾਰ ਖਾਸਕਰ ਸਾਂਪਲਾ ਵਰਗੇ ਜ਼ਿੰਮੇਵਾਰ ਚੁਣੇ ਹੋਏ ਨੁਮਾਇੰਦੇ ਲਗਾਤਾਰ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਹਕੀਕਤ ਵਿਚ ਲਿਆਉਣ ਦੇ ਰਾਹ ‘ਚ ਅੜਿੱਕੇ ਡਾਹ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫੈਸਲਾ ਪੂਰਾ ਹੁੰਦਾ ਦਿਖ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਰ ਕਰਨ ਦੇ ਲਈ ਗਰੀਬ ਅਤੇ ਅਨਪੜ੍ਹ ਸ਼ਰਧਾਲੂਆਂ ਵਾਸਤੇ ਪਾਸਪੋਰਟ ਨੂੰ ਖ਼ਤਮ ਕਰਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਨ ਅਤੇ ਵੀਜੇ ਨੂੰ ਜ਼ਰੂਰੀ ਬਣਾਉਣ ਦੇ ਵਿਜੇ ਸਾਂਪਲਾ ਦੇ ਬਿਆਨ ਨੇ ਇਕ ਵਾਰ ਫਿਰ ਸਿੱਧ ਕਰ ਦਿਤਾ ਹੈ ਕਿ ਨਾ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਉਨ੍ਹਾਂ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਰਧਾਲੂਆਂ ਦੇ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਿਨ੍ਹਾਂ ਕਿਸੇ ਅੜਚਣ ਤੋਂ ਯਕੀਨੀ ਬਣਾਉਣ ਦੀ ਸੁਵਿਧਾ ਦੇਣ ‘ਚ ਦਿਲਚਸਪੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਂਪਲਾ ਵਲੋਂ ਸਾਰੇ ਪੰਜਾਬੀਆਂ ਕੋਲ ਪਾਸਪੋਰਟ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਰਾਨਾ ਅਤੇ ਗਲਤ ਹੈ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਮੰਤਰੀ ਕਿਸ ਹੱਦ ਤੱਕ ਆਵਾਮ ਤੋਂ ਟੁੱਟ ਚੁੱਕਾ ਹੈ ਅਤੇ ਕਿਸ ਤਰ੍ਹਾਂ ਗਲਤ ਸੂਚਨਾ ਦੇ ਰਿਹਾ ਹੈ। ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਅਤੇ ਵੀਜ਼ਾ ਖਤਮ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਤੋਂ ਬਿਨਾਂ ਇਸ ਪ੍ਰਸਤਾਵ ਨੂੰ ਬਿਨਾਂ ਸੋਚੇ ਰੱਦ ਕਰਨ ਲਈ ਸਾਂਪਲਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਭਾਜਪਾ ਇਸ ਲਾਂਘੇ ਨੂੰ ਖੋਲ੍ਹਣ ਦਾ ਸਿਹਰਾ ਅਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਸ ਦੀ ਬਿਨਾਂ ਅੜਚਨ ਕਾਰਜਸ਼ੀਲਤਾ ਵਿਚ ਅੜਿੱਕੇ ਡਾਹ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਂਘੇ ਸਬੰਧੀ ਪ੍ਰੋਜੈਕਟ ਬਾਰੇ ਕੇਂਦਰ ਦੀਆਂ ਵੱਖ-ਵੱਖ ਕੋਸ਼ਿਸ਼ਾਂ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਰਫੋਂ ਵਿਜੇ ਸਾਂਪਲਾ ਦਾ ਹਾਲ ਹੀ ਦਾ ਬਿਆਨ ਸਿੱਖ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਅੜਚਨ ਜਾਣ ਦੇ ਰਾਹ ਵਿਚ ਅੜਿੱਕਾ ਡਾਹੁਣ ਵਾਲਾ ਹੈ।

You must be logged in to post a comment Login