ਕੈਲੀਫੋਰਨੀਆ: ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪਰਵਾਸੀ ਗ੍ਰਿਫਤਾਰ

ਕੈਲੀਫੋਰਨੀਆ: ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪਰਵਾਸੀ ਗ੍ਰਿਫਤਾਰ

ਕੈਮਾਰੀਲੋ (ਅਮਰੀਕਾ), 12 ਜੁਲਾਈ : ਅਮਰੀਕਾ ਦੇ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਭੰਗ (ਕੈਨਾਬਿਸ) ਦੇ ਦੋ ਖੇਤਾਂ ’ਤੇ ਛਾਪੇਮਾਰੀ ਕਰਦਿਆਂ ਲਗਪਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦਾ ਸ਼ੱਕ ਹੈ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛਾਪੇਮਾਰੀ ਵੀਰਵਾਰ ਨੂੰ ਕੀਤੀ ਗਈ ਸੀ।ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਛਾਪੇਮਾਰੀ ਦਾ ਵਿਰੋਧ ਕੀਤਾ, ਜਿਸ ਕਾਰਨ ਕੁਝ ਦੇਰ ਲਈ ਹਾਲਾਤ ਤਣਾਅਪੂਰਨ ਹੋ ਗਏ ਸਨ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਵੀਰਵਾਰ ਨੂੰ ਕੈਲੀਫੋਰਨੀਆ ਦੇ ਕਾਰਪਿਨਟੇਰੀਆ ਅਤੇ ਕੈਮਾਰੀਲੋ ਵਿੱਚ ਅਪਰਾਧਿਕ ਤਲਾਸ਼ੀ ਵਾਰੰਟ ’ਤੇ ਕਾਰਵਾਈ ਕੀਤੀ ਅਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦੇ ਸ਼ੱਕ ਵਿੱਚ ਕੁਝ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਸਥਾਨ ’ਤੇ ਘੱਟੋ-ਘੱਟ 10 ਬੱਚੇ ਵੀ ਮੌਜੂਦ ਸਨ। ਮੰਤਰਾਲੇ ਨੇ ਕਿਹਾ ਕਿ ਚਾਰ ਅਮਰੀਕੀ ਨਾਗਰਿਕਾਂ ਨੂੰ ਅਧਿਕਾਰੀਆਂ ’ਤੇ ਹਮਲਾ ਕਰਨ ਜਾਂ ਉਨ੍ਹਾਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਕੈਮਾਰੀਲੋ ਸਥਿਤ ਗਲਾਸ ਹਾਊਸ ਫਾਰਮਜ਼ ਦੇ ਬਾਹਰ ਲੋਕਾਂ ਦੀ ਭੀੜ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਦਾ ਵਿਰੋਧ ਕਰਨ ਲਈ ਇਕੱਠੀ ਹੋ ਗਈ। ਕੈਲੀਫੋਰਨੀਆ ਦੀ ਲਾਇਸੈਂਸਸ਼ੁਦਾ ਭੰਗ ਉਤਪਾਦਕ ਕੰਪਨੀ ‘ਗਲਾਸ ਹਾਊਸ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਏਜੰਟਾਂ ਕੋਲ ਵਾਜਬ ਵਾਰੰਟ ਸਨ।

You must be logged in to post a comment Login