ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

ਕੈਲੀਫੋਰਨੀਆ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ

ਨਿਊਯਾਰਕ, 8 ਅਕਤੂਬਰ : ਭਾਰਤੀ ਪਰਵਾਸੀਆਂ ਲਈ ਇੱਕ ਇਤਿਹਾਸਕ ਪੇਸ਼ਕਦਮੀ ਤਹਿਤ ਕੈਲੀਫੋਰਨੀਆ ਨੇ ਦੀਵਾਲੀ ਨੂੰ ਅਧਿਕਾਰਤ ਸਰਕਾਰੀ ਛੁੱਟੀ ਐਲਾਨ ਦਿੱਤਾ ਹੈ। ਇਸ ਫੈਸਲੇ ਨਾਲ ਕੈਲੀਫੋਰਨੀਆ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ ਜਿਸ ਨੇ ਭਾਰਤੀਆਂ ਦੇ ਰੌਸ਼ਨੀ ਦੇ ਇਸ ਤਿਉਹਾਰ ਨੂੰ ਅਧਿਕਾਰਤ ਛੁੱਟੀ ਵਜੋਂ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਦੀਵਾਲੀ ਨੂੰ ਇੱਕ ਸਰਕਾਰੀ ਛੁੱਟੀ ਐਲਾਨੇ ਜਾਣ ਸਬੰਧੀ ਬਿੱਲ ’ਤੇ ਦਸਤਖ਼ਤ ਕੀਤੇ ਹਨ। ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਸਬੰਧੀ ‘AB 268’ ਸਿਰਲੇਖ ਵਾਲਾ ਬਿੱਲ ਕੈਲੀਫੋਰਨੀਆ ਦੀ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿੱਚ ਸਫਲਤਾਪੂਰਵਕ ਪਾਸ ਹੋ ਗਿਆ ਸੀ ਅਤੇ ਨਿਊਸਮ ਵੱਲੋਂ ਸਹੀ ਪਾਉਣ ਦੀ ਉਡੀਕ ਕੀਤੀ ਜਾ ਰਹੀ ਸੀ।ਕਾਲੜਾ ਨੇ ਪਿਛਲੇ ਮਹੀਨੇ ਕਿਹਾ ਸੀ, ‘‘ਕੈਲੀਫੋਰਨੀਆ ਭਾਰਤੀ ਅਮਰੀਕੀਆਂ ਦੀ ਸਭ ਤੋਂ ਵੱਡੀ ਆਬਾਦੀ ਦਾ ਘਰ ਹੈ, ਅਤੇ ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਦਾ ਸੰਦੇਸ਼ ਉਨ੍ਹਾਂ ਲੱਖਾਂ ਕੈਲੀਫੋਰਨੀਆ ਵਾਸੀਆਂ ਤੱਕ ਪਹੁੰਚੇਗਾ ਜੋ ਇਸ ਤਿਓਹਾਰ ਦਾ ਜਸ਼ਨ ਮਨਾਉਂਦੇ ਹਨ।’’ ਕੈਲੀਫੋਰਨੀਆ ਰਹਿੰਦੇ ਭਾਰਤੀ ਭਾਈਚਾਰੇ ਤੇ ਪਰਵਾਸੀ ਭਾਰਤੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

You must be logged in to post a comment Login