ਕੋਟਕਪੂਰਾ ਗੋਲੀ ਕਾਂਡ: ਸੁਮੇਧ ਸੈਣੀ ਨੂੰ ਦੋ ਕੇਸਾਂ ਵਿੱਚ ਜ਼ਮਾਨਤ ਮਿਲੀ

ਕੋਟਕਪੂਰਾ ਗੋਲੀ ਕਾਂਡ: ਸੁਮੇਧ ਸੈਣੀ ਨੂੰ ਦੋ ਕੇਸਾਂ ਵਿੱਚ ਜ਼ਮਾਨਤ ਮਿਲੀ

ਫ਼ਰੀਦਕੋਟ, 2 ਅਪਰੈਲ- ਕੋਟਕਪੂਰਾ ਗੋਲੀ ਕਾਂਡ ਸਬੰਧੀ ਕੇਸ ਦੀ ਸੁਣਵਾਈ ਤਹਿਤ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਇੱਥੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀਜੀਪੀ ਨੂੰ ਮੁਕੱਦਮਾ ਚੱਲਣ ਤੱਕ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਜਿਸ ਲਈ ਉਨ੍ਹਾਂ ਪੰਜ ਲੱਖ ਰੁਪਏ ਦਾ ਮੁਚੱਲਕਾ ਭਰ ਦਿੱਤਾ ਹੈ। ਅਦਾਲਤ ਨੇ ਸਾਬਕਾ ਡੀਜੀਪੀ ਨੂੰ ਸੱਤ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦੀ ਨਕਲ ਵੀ ਸੌਂਪ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮੇਧ ਸੈਣੀ ’ਤੇ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਜੀਪੀ ਨੂੰ ਆਦੇਸ਼ ਦਿੱਤੇ ਸਨ ਕਿ ਉਹ 15 ਦਿਨਾਂ ਅੰਦਰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਣ। ਇਸ ਦੇ ਨਾਲ ਹੀ ਸੁਮੇਧ ਸੈਣੀ ਸਿੱਖ ਸੰਗਤ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਦੀ ਸੁਣਵਾਈ ਲਈ ਵੀ ਪੇਸ਼ ਹੋਏ। ਇਸ ਕੇਸ ਤਹਿਤ ਉਨ੍ਹਾਂ ਅੱਜ 5 ਲੱਖ ਰੁਪਏ ਦੀ ਕੀਮਤ ਦਾ ਜ਼ਮਾਨਤਨਾਮਾ ਭਰਿਆ। ਇਸੇ ਮਾਮਲੇ ਵਿੱਚ ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਈਜੀ ਪਰਮਰਾਜ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਅਤੇ ਫ਼ਰੀਦਕੋਟ ਦੇ ਸਾਬਕਾ ਐੱਸਐੱਸਪੀ ਸੁਖਵਿੰਦਰ ਸਿੰਘ ਮਾਨ ਪੇਸ਼ ਹੋ ਚੁੱਕੇ ਹਨ। ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਸੁਣਵਾਈ 12 ਅਪਰੈਲ ਤੱਕ ਮੁਲਤਵੀ ਕਰਦਿਆਂ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸੇ ਦਰਮਿਆਨ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਡੀਆਈਜੀ ਅਮਰ ਸਿੰਘ ਚਾਹਲ ਦੀ ਕੋਟਕਪੂਰਾ ਗੋਲੀ ਕਾਂਡ ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਮਰ ਸਿੰਘ ਚਾਹਲ ਸਿੰਘ ਨੂੰ ਵੀ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

You must be logged in to post a comment Login