ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਗੂੰਜ ਵ੍ਹਾਈਟ ਹਾਊਸ ਤੱਕ ਪਹੁੰਚੀ

ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਗੂੰਜ ਵ੍ਹਾਈਟ ਹਾਊਸ ਤੱਕ ਪਹੁੰਚੀ
  • ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਉਪਰ ਲਗੇ ਕੌਮੀ ਇਨਸਾਫ ਮੋਰਚੇ ਤੋਂ ਵਿਦੇਸ਼ਾਂ ਵਿਚ ਵਸਦੇ ਸਿੱਖ ਵੀ ਹੋਏ ਸਰਗਰਮ

ਵਾਸ਼ਿੰਗਟਨ, 17 ਜਨਵਰੀ :  ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਅਮਰੀਕੀ ਪ੍ਰੈਜ਼ੀਡੈਂਟ ਦੇ ਟਿਕਾਣੇ ਵ੍ਹਾਈਟ ਹਾਊਸ ਅਗੇ ਅਮਰੀਕੀ ਸਿਖਾਂ ਨੇ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਅਤੇ ਰੋਸ ਮੁਜਾਹਰਾ ਕੀਤਾ ਗਿਆ। ਦੱਸਣਯੋਗ ਹੈ ਕੇ ਵੱਡੀ ਗਿਣਤੀ ਵਿਚ ਦੁਨੀਆ ਭਰ ਦੇ ਸੈਲਾਨੀ ਵਾਸ਼ਿੰਗਟਨ ਡੀ ਸੀ ਸੈਰ ਸਪਾਟੇ ਲਈ ਆਉਂਦੇ ਹਨ ਤੇ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਵ੍ਹਾਈਟ ਹਾਊਸ ਅੱਗੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ, ਜਿਨ੍ਹਾਂ ਨੂੰ ਕੇ ਬੰਦੀ ਸਿੰਘਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਅਤੇ ਪੰਜਾਬ ਤੇ ਭਾਰਤ ਵਿਚ ਸਿੱਖ ਕੌਮ ਨਾਲ ਹੋ ਰਹੇ ਨਾਇਨਸਾਫੀ ਪ੍ਰਤੀ ਘੰਟਿਆਂ ਬੱਧੀ ਪੈਂਫਲੇਟ ਵੰਡੇ ਗਏ ਅਤੇ ਜਾਣਕਾਰੀ ਦਿਤੀ ਗਈ। ਮੁਜਾਹਰੇ ਵਿਚ ਬੰਦੀ ਸਿੰਘਾਂ ਦੇ ਵੱਡ ਆਕਾਰੀ ਪੋਸਟਰ ਵੀ ਲਗਾਏ ਹੋਏ ਸਨ। ਓਥੇ ਮੌਜੂਦ ਸੈਲਾਨੀਆਂ ਅਤੇ ਹੋਰ ਲੋਕਾਂ ਨੇ ਬੰਦੀ ਸਿੰਘਾਂ ਦੇ ਪੋਸਟਰਾਂ ਦੀਆਂ ਫੋਟੋਆਂ ਖਿੱਚੀਆਂ ਅਤੇ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਵਿਦੇਸ਼ੀ ਲੋਕ ਮੂੰਹ ਚ ਉਂਗਲਾਂ ਪਾ ਕੇ ਦੰਗ ਰਹਿ ਗਏ ਕੇ ਆਪਣੇ ਆਪ ਨੂੰ ਡੈਮੋਕਰੇਸੀ ਕਹਾਉਣ ਵਾਲੇ ਭਾਰਤ ਵਿਚ ਸਿਖਾਂ ਨਾਲ ਏਨੇ ਲੰਮੇ ਸਮੇ ਤੋਂ ਧੱਕਾ ਹੋ ਰਿਹਾ ਹੈ ਅਤੇ ਉਮਰ ਕੈਦ ਦੀ ਸਜਾ ਪੂਰੀ ਹੋਣ ਤੋਂ ਬਾਦ ਜਿਥੇ ਹੋਰ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਓਥੇ ਹੀ ਸਿੱਖ ਸਿਆਸੀ ਕੈਦੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਦੂਜੇ ਦਰਜੇ ਦੇ ਸ਼ਹਿਰੀ ਸਮਝ ਕੇ ਸਜਾ ਪੂਰੀ ਹੋਣ ਤੋਂ ਬਾਦ ਵੀ ਜੇਲਾਂ ਵਿਚ ਡੱਕਿਆ ਹੋਇਆ ਹੈ। ਅੱਜ ਯੂਕਰੇਨ ਦੇ ਲੋਕ ਵੀ ਓਥੇ ਰੂਸ ਦੇ ਖ਼ਿਲਾਫ਼ ਮੁਜਾਹਰਾ ਕਰ ਰਹੇ ਸਨ ਅਤੇ ਓਹਨਾ ਨੇ ਸਿੱਖ ਸਿਆਸੀ ਕੈਦੀਆਂ ਤੇ ਇਨਸਾਫ ਮੋਰਚੇ ਦੇ ਹੱਕ ਵਿਚ ਮੁਜਾਹਰਾ ਕਰ ਰਹੇ ਸਿਖਾਂ ਦਾ ਸਾਥ ਦਿੱਤਾ ਅਤੇ ਸਿਖਾਂ ਨੇ ਵੀ ਰੂਸ ਖਿਲਾਫ ਯੂਕਰੇਨ ਦੇ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ, ਕਿਓੰਕੇ ਦਰਬਾਰ ਸਾਹਿਬ ਤੇ ਹਮਲੇ ਸਮੇ ਰੂਸ ਨੇ ਭਾਰਤ ਦੀ ਸਰਕਾਰ ਦਾ ਸਾਥ ਦਿੱਤਾ ਸੀ।

 ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵਲੋਂ ਦਿਤੇ ਗਏ ਸੰਦੇਸ਼ ਦੇ ਤਹਿਤ ਜਿਥੇ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਸ਼ੁਰੂ ਹੋਇਆ ਤੇ ਦੁਨੀਆ ਭਰ ਦੇ ਸਿਖਾਂ ਨੂੰ ਵੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ, ਬਹਿਬਲ ਕਲਾਂ ਤੇ ਬਰਗਾੜੀ ਦੇ ਇਨਸਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ ਲਈ ਦੁਨੀਆ ਭਰ ਦੇ ਸਿਖਾਂ ਨੂੰ ਆਪਣਾ ਬਣਦਾ ਹਰ ਯੋਗਦਾਨ ਪਾਉਣ ਦੇ ਸੰਦੇਸ਼ ਨੂੰ ਮੁਖ ਰੱਖਦਿਆਂ ਇਹ ਮੁਜਾਹਰਾ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕੇ ਇਹ ਸੰਘਰਸ਼ ਓਦੋਂ ਤਕ ਜਾਰੀ ਰਹੇਗਾ ਜਦੋਂ ਤਕ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ, ਬਹਿਬਲ ਕਲਾਂ ਤੇ ਬਰਗਾੜੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਤੇ ਇਹ ਮੁਹਿੰਮ ਆਉਣ ਵਾਲੇ ਦੀਨਾ ਵਿਚ ਦੁਨੀਆ ਭਰ ਵਿਚ ਹੋਰ ਵੀ ਤੇਜ ਹੋਵੇਗੀ। ਅੱਜ ਦੇ ਇਸ ਮੁਜਾਹਰੇ ਵਿਚ ਹੋਰ ਸਿੱਖ ਸੰਗਤਾਂ ਤੋਂ ਇਲਾਵਾ ਭਾਈ ਹਿੰਮਤ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਚੱਠਾ, ਨਰਿੰਦਰ ਸਿੰਘ, ਹਰਮਿੰਦਰ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ ਚੱਠਾ, ਊਧਮ ਸਿੰਘ ਆਦਿ ਹਾਜਰ ਸਨ।

 

You must be logged in to post a comment Login