ਕੌਮੀ ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ 8 ਸੂਬਿਆਂ ’ਚ ਗੈਂਗਸਟਰਾਂ ’ਤੇ ਛਾਪੇ ਮਾਰੇ

ਕੌਮੀ ਜਾਂਚ ਏਜੰਸੀ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ 8 ਸੂਬਿਆਂ ’ਚ ਗੈਂਗਸਟਰਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 21 ਫਰਵਰੀ- ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਦੇਸ਼ ਭਰ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 70 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਪੰਜਾਬ, ਦਿੱਲੀ-ਐਨਸੀਆਰ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਗਈ। ਛਾਪੇ ਸਵੇਰੇ ਸ਼ੁਰੂ ਹੋਏ।

ਸੰਗਤ ਮੰਡੀ :ਅੱਜ ਸਵੇਰੇ ਤਕਰੀਬਨ ਸਾਢੇ ਪੰਜ ਵਜੇ ਦਿੱਲੀ ਤੋਂ ਆਈ ਐੱਨਆਈਏ ਦੀ ਟੀਮ ਵੱਲੋਂ ਏ ਕੈਟਾਗਰੀ ਦੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਛਾਪਾ ਮਾਰਿਆ। ਐੱਨਆਈਏ ਦੀ ਤਿੰਨ ਮੈਂਬਰੀ ਟੀਮ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਰੰਮੀ ਮਛਾਣਾ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਸਬੰਧੀ ਗੈਂਗਸਟਰ ਰੰਮੀ ਮਛਾਣਾ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਉਹ ਸੁੱਤੇ ਸਨ ਤਾਂ ਅਚਾਨਕ ਦਰਵਾਜ਼ਾ ਖੜਕਿਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਪੁਲੀਸ ਪਾਰਟੀ ਖੜ੍ਹੀ ਸੀ। ਪਰਿਵਾਰ ਵੱਲੋਂ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਟੀਮ ਆਈ ਹੈ ਅਤੇ ਘਰ ਦੀ ਤਲਾਸ਼ੀ ਲੈਣੀ ਹੈ। ਟੀਮ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਜ਼ਬਤ ਕਰਕੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਬੰਦ ਕਰਕੇ ਘਰ ਦੀਆਂ ਪੇਟੀਆਂ ,ਅਲਮਾਰੀਆਂ ਅਤੇ ਬੈੱਡ ਖੋਲ੍ਹ ਕੇ ਤਲਾਸ਼ੀ ਲਈ ਗਈ।

You must be logged in to post a comment Login