ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ 12 ਸਾਲ ਪੁਰਾਣੇ ਮਾਮਲੇ ’ਚ ਦੋਸ਼ੀ ਕਰਾਰ

ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ 12 ਸਾਲ ਪੁਰਾਣੇ ਮਾਮਲੇ ’ਚ ਦੋਸ਼ੀ ਕਰਾਰ
ਤਰਨ ਤਾਰਨ, 10 ਸਤੰਬਰ : ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਨੂੰ 12 ਸਾਲ ਇਕ ਪੁਰਾਣੇ ਮਾਮਲੇ ਵਿੱਚ ਤਰਨ ਤਾਰਨ ਦੇ ਵਧੀਕ ਜਿਲ੍ਹਾ ਅਤੇ ਸੈਸ਼ਨਜ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਗੋਇੰਦਵਾਲ ਸਾਹਿਬ ਦੀ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਵਲੋਂ ਸਜਾ ਦਾ ਐਲਾਨ 12 ਸਤੰਬਰ ਨੂੰ ਕੀਤਾ ਜਾਵੇਗਾ। ਮੁਲਜ਼ਮਾਂ ਵਿੱਚ ਛੇ ਪੁਲੀਸਕਰਮੀ ਵੀ ਸ਼ਾਮਲ ਹਨ, ਪਰ ਇੱਕ ਪੁਲੀਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਐੱਸਸੀਐੱਸਟੀ ਸਮੇਤ ਕਈ ਹੋਰ ਸੰਗੀਨ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਸੀ| ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਪੀੜਤ ਔਰਤ ਹਰਬਰਿੰਦਰ ਕੌਰ ਉਸਮਾਂ ਨੂੰ ਸਖ਼ਤ ਸੁਰੱਖਿਆਂ ਦੇਣ ਦੇ ਹੁਕਮ ਕੀਤੇ ਸਨ।ਸ਼ਿਕਾਇਤ ਅਨੁਸਾਰ ਉਨ੍ਹਾਂ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਇਕ ਪੈਲੇਸ ਵਿੱਚ ਪੀੜਤਾ ਨਾਲ ਸ਼ਰੇਆਮ ਮਾਰ ਕੁੱਟ ਕੀਤੀ ਅਤੇ ਉਸ ਦੇ ਕਪੜੇ ਤੱਕ ਪਾੜ ਦਿੱਤੇ ਸਨ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ ਮੁਲਜ਼ਮ ਮੌਕੇ ’ਤੇ ਹਾਜਰ ਸਨ।ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਹੀ ਪੁਲੀਸ ਵੱਲੋਂ ਉਨ੍ਹਾਂ ਨੂੰ ਜੇਲ੍ਹ ਲਿਜਾਇਆ ਗਿਆ। ਮੁਦਈ ਧਿਰ ਵਲੋਂ ਪੇਸ਼ ਹੋਏ ਵਕੀਲ ਅਮਿਤ ਧਵਨ ਨੇ ਦੱਸਿਆ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਪੁਲੀਸ ਮੁਲਾਜਮ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਹਰਵਿੰਦਰ ਸਿੰਘ ਸ਼ੋਸੀ ਅਤੇ ਕੰਵਲਦੀਪ ਸਿੰਘ ਨੂੰ ਹੋਰਨਾਂ ਧਾਰਾਵਾਂ ਸਮੇਤ ਐੱਸਸੀ ਐੱਸਟੀ ਆਦਿ ਅਧੀਨ ਮੁਲਜਮ ਐਲਾਨਿਆ ਗਿਆ ਹੈ। ਜਦਕਿ ਗਗਨਦੀਪ ਸਿੰਘ ਤੋਂ ਇਲਾਵਾ ਪੁਲੀਸ ਮੁਲਾਜਮ ਨਰਿੰਦਰਜੀਤ ਸਿੰਘ, ਅਤੇ ਗੁਰਦੀਪ ਰਾਜ ਨੂੰ ਕੁੱਟਮਾਰ ਦੀਆਂ ਧਾਰਾਵਾਂ ਅਧੀਨ ਸਜਾ ਸੁਣਾਈ ਜਾਣੀ ਹੈ।

You must be logged in to post a comment Login