ਖੰਨਾ ’ਚ ਜ਼ਹਿਰ ਦੇ ਕੇ 20 ਦੇ ਕਰੀਬ ਕੁੱਤਿਆਂ ਨੂੰ ਮਾਰਿਆ, 5 ਲਾਸ਼ਾਂ ਮਿਲੀਆਂ

ਲੁਧਿਆਣਾ, 19 ਮਈ- ਖੰਨਾ ਵਿੱਚ ਅੱਜ ਕਈ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਲਲਹੇੜੀ ਰੋਡ ‘ਤੇ ਕੇਹਰ ਸਿੰਘ ਕਲੋਨੀ ਵਿਖੇ ਕਥਿਤ ਤੌਰ ‘ਤੇ ਕਿਸੇ ਨੇ ਕੁੱਤਿਆਂ ਨੂੰ ਜ਼ਹਿਰੀਲੇ ਲੱਡੂ ਖੁਆਏ, ਜਿਸ ਕਾਰਨ 20 ਕੁੱਤਿਆਂ ਦੀ ਮੌਤ ਹੋ ਗਈ। ਇਸ ਬਾਰੇ ਲੋਕਾਂ ਨੇ ਅੱਜ ਸਵੇਰੇ ਪੁਲੀਸ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ਦਾ ਦੌਰਾ ਕਰਨ ਵਾਲੀ ਵਧੀਕ ਐੱਸਐੱਚਓ ਮਨਦੀਪ ਕੌਰ ਨੇ ਦੱਸਿਆ ਕਿ ਪੰਜ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਮਰਨ ਵਾਲੇ ਕੁੱਤਿਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗਿਆ। ਮੁਲਜ਼ਮ ਦਾ ਸੁਰਾਗ ਹਾਸਲ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਵਾਸੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਗੁਆਂਢ ’ਚ ਵੀਰਵਾਰ ਤੱਕ ਦੋ ਦਰਜਨ ਕੁੱਤੇ ਘੁੰਮ ਰਹੇ ਸਨ ਪਰ ਅੱਜ ਸਵੇਰੇ ਉਹ ਅਚਾਨਕ ਗਾਇਬ ਹੋ ਗਏ। ਹੁਣ ਤੱਕ ਪੰਜ ਲਾਸ਼ਾਂ ਮਿਲੀਆਂ ਹਨ।

You must be logged in to post a comment Login