ਖੱਟਰ ਵੱਲੋਂ ਡੱਬਵਾਲੀ ਨੂੰ ਪੁਲੀਸ ਜ਼ਿਲ੍ਹਾ ਬਣਾਉਣ ਦਾ ਐਲਾਨ

ਖੱਟਰ ਵੱਲੋਂ ਡੱਬਵਾਲੀ ਨੂੰ ਪੁਲੀਸ ਜ਼ਿਲ੍ਹਾ ਬਣਾਉਣ ਦਾ ਐਲਾਨ

ਡੱਬਵਾਲੀ, 14 ਮਈ- ਨਸ਼ਿਆਂ ਦੀ ਬੰਦਰਗਾਹ ਵਜੋਂ ਬਦਨਾਮ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਇਲਾਕੇ ਡੱਬਵਾਲੀ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰਿਆਣਾ ਸਰਕਾਰ ਨੇ ਪੁਲੀਸ ਜ਼ਿਲ੍ਹਾ ਬਣਾ ਦਿੱਤਾ ਹੈ ਜਿਸ ਦਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪਿੰਡ ਡੱਬਵਾਲੀ ਵਿਖੇ ਜਨਸੰਵਾਦ ਸਮਾਰੋਹ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਧ ਪੁਲੀਸ ਅਮਲਾ ਅਤੇ ਹੋਰ ਸਾਧਨ ਮੁਹੱਈਆ ਹੋਣਗੇ। ਜਨਸੰਵਾਦ ਵਿਚ ਭੀੜ ਵਿਚ ਬੈਠੇ ਸੀਨੀਅਰ ‘ਆਪ’ ਆਗੂ ਕੁਲਦੀਪ ਗਦਰਾਣਾ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ ਤਾਂ ਪਹਿਲਾਂ ਤੋਂ ਘੇਰਾ ਪਾ ਕੇ ਬੈਠੇ ਮੁੱਖ ਮੰਤਰੀ ਦਸਤੇ ਦੇ ਮੁਲਾਜ਼ਮ ਅਤੇ ਪੁਲੀਸ ਅਮਲਾ ਉਨ੍ਹਾਂ ਨੂੰ ਜਬਰੀ ਬਾਹਰ ਲੈ ਗਏ। ਮੁੱਖ ਮੰਤਰੀ ਨੇ ਵੀ ਸਟੇਜ ਤੋਂ ਕਿਹਾ ਕਿ ‘ਆਪ’ ਆਗੂ ਜਨਸੰਵਾਦ ਵਿਚ ਸਿਆਸੀ ਲਾਹੇ ਲਈ ਵਿਘਨ ਪਾਉਣ ਲਈ ਪੁੱਜਿਆ ਹੈ, ਇਸ ਨੂੰ ਬਾਹਰ ਲੈ ਕੇ ਜਾਓ। ਮੁੱਖ ਮੰਤਰੀ ਦੇ ਜਨਸੰਵਾਦ ਦੌਰੇ ਤੋਂ ਪਹਿਲਾਂ ਪਿੰਡ ਡੱਬਵਾਲੀ ਦੇ ਬੱਸ ਅੱਡੇ ’ਤੇ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ ਕਰਦੇ ਡੇਢ-ਦੋ ਸੌ ਕਿਸਾਨਾਂ ਅਤੇ ਆਸ਼ਾ ਵਰਕਰਾਂ ਔਰਤਾਂ ਅਤੇ ਮਰਦਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ ਜਿਨ੍ਹਾਂ ਵਿਚੋਂ ਕਰੀਬ 45-46 ਔਰਤਾਂ ਅਤੇ ਪੁਰਸ਼ਾਂ ਨੂੰ ਪੁਲੀਸ ਬੱਸਾਂ ਵਿੱਚ ਬਿਠਾ ਕੇ ਸਿਰਸਾ ਪੁਲੀਸ ਲਾਈਨ ਲੈ ਗਈ। ਇਸ ਤੋਂ ਇਲਾਵਾ ਕਿਸਾਨਾਂ ਦੇ ਇਕ ਧੜੇ ਨੇ ਸਰ੍ਹੋਂ ਵੇਚਣ ਵਿਚ ਦਿੱਕਤਾਂ ਖਿਲਾਫ ਪਿੰਡ ਮਿੱਠੜੀ ਵਿਚ ਮੁੱਖ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਜਤਾਇਆ।

You must be logged in to post a comment Login