ਜਲੰਧਰ (PE)– 122 ਸਾਲ ਦਾ ਰਿਕਾਰਡ ਤੋੜਦੇ ਹੋਏ ਭਿਆਨਕ ਗਰਮੀ ਨੇ ਅਪ੍ਰੈਲ ’ਚ ਹੀ ਕਹਿਰ ਮਚਾਇਆ ਹੋਇਆ ਹੈ, ਜਿਸ ਨਾਲ ਲੋਕ ਹਾਲੋ-ਬੇਹਾਲ ਹਨ। ਅੱਗ ਵਰ੍ਹਾਉਂਦੀ ਗਰਮੀ ’ਚ ਲੋਕ ਘਰਾਂ ’ਚੋਂ ਨਿਕਲਣ ਤੋਂ ਸੰਕੋਚ ਕਰ ਰਹੇ ਹਨ ਪਰ ਪਾਵਰਕੱਟਾਂ ਕਾਰਨ ਲੋਕਾਂ ਨੂੰ ਘਰਾਂ ਵਿਚ ਵੀ ਚੈਨ ਨਹੀਂ ਮਿਲ ਪਾ ਰਿਹਾ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਬਿਜਲੀ ਕੱਟ ਸੜੇ ’ਤੇ ਲੂਣ ਭੁੱਕਣ ਦਾ ਕੰਮ ਕਰ ਰਹੇ ਹਨ। ਸ਼ਹਿਰਾਂ ’ਚ ਭਾਵੇਂ ਐਲਾਨੇ ਕੱਟ ਨਹੀਂ ਲਾਏ ਜਾ ਰਹੇ ਪਰ ਬਿਜਲੀ ਫਾਲਟ ਅਤੇ ਰਿਪੇਅਰ ਦੇ ਨਾਂ ’ਤੇ ਲੱਗਣ ਵਾਲੇ ਲੰਮ-ਲੰਮੇ ਪਾਵਰਕੱਟਾਂ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਇਲਾਕਿਆਂ ’ਚ ਐਤਵਾਰ 7 ਘੰਟੇ ਅਤੇ ਇਸ ਤੋਂ ਵੱਧ ਸਮੇਂ ਤਕ ਬਿਜਲੀ ਕੱਟ ਲੱਗਣ ਕਾਰਨ ਲੋਕ ਹਾਲੋ-ਬੇਹਾਲ ਰਹੇ, ਜਿਸ ਕਾਰਨ ਲੋਕ ਪਾਵਰਕਾਮ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਭੰਡਦੇ ਰਹੇ।
ਲੋਕ ਸੋਸ਼ਲ ਮੀਡੀਆ ’ਤੇ ਸਰਕਾਰ ਨੂੰ ਨਿਸ਼ਾਨਾ ਬਣੇ ਰਹੇ ਹਨ, ਕਈ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਇਕ ਫੋਟੋ ਵਿਚ ਇਕ ਵਿਅਕਤੀ ਬਿਜਲੀ ਦੀਆਂ ਤਾਰਾਂ ’ਤੇ ਕੱਪੜੇ ਸੁਕਾਉਣ ਲਈ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਫੋਟੋ ’ਤੇ ਕੁਮੈਂਟ ਕਰਦਿਆਂ ਲੋਕਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਇਸ ਆਦਮੀ ਨੂੰ ਬਿਜਲੀ ਮਹਿਕਮੇ ’ਤੇ ਪੂਰਾ ਭਰੋਸਾ ਹੈ, ਉਹ ਜਾਣਦਾ ਹੈ ਕਿ ਬਿਜਲੀ ਜਲਦ ਆਉਣ ਵਾਲੀ ਨਹੀਂ, ਇਸ ਲਈ ਉਹ ਬਿਨਾਂ ਕਿਸੇ ਡਰ ਦੇ ਬਿਜਲੀ ਦੀਆਂ ਤਾਰਾਂ ਨੂੰ ਕੱਪੜੇ ਸੁਕਾਉਣ ਲਈ ਕੰਮ ’ਚ ਲਿਆ ਰਿਹਾ ਹੈ।
You must be logged in to post a comment Login