ਗ਼ਜ਼ਲ

ਏਧਰੋਂ ਓਧਰੋਂ ਸੂਰਜ ਚੜ੍ਹਿਆ ਆ੍ਹ ਹੋਈ ਨਾ ਗੱਲ ।
ਕੌਣ ਸਵੇਰੇ ਕੋਠੇ ਖੜਿਆ ਆ੍ਹ ਹੋਈ ਨਾ ਗੱਲ।
ਗੋਰੇ ਗੋਰੇ ਮੁਖੜੇ ਤੇ ਕਾਲੀ ਕਾਲੀ ਲਟ ਲਹਿਰਾਈ,
ਪੁੱਠਾ ਹੋ ਕੇ ਫਨੀਅਰ ਲੜਿਆ ਆ੍ਹ ਹੋਈ ਨਾ ਗੱਲ।
ਉਸ ਦੀਆਂ ਸੁੰਦਰ ਪਲਕਾਂ ਚੋਂ ਜਗਮਗ ਜਗਮਗ ਜਗਦਾ,
ਡਿਗਦਾ ਹੋਇਆ ਤਾਰਾ ਫੜਿਆ ਆ੍ਹ ਹੋਈ ਨਾ ਗੱਲ।
ਜਿੰਨੀ ਤੀਕਰ ਸ਼ੱਮਆ ਆਪਣੀ ਹੋਂਦ ਚ ਬਲਦੀ ਰਈ,
ਉਨ੍ਹਾਂ ਚਿਰ ਪਰਵਾਨਾ ਸੜਿਆ ਆ੍ਹ ਹੋਈ ਨਾ ਗੱਲ।
ਸਾਨੂੰ ਕਹਿੰਦਾ ਕੰਮ ਜ਼ਰੂਰੀ, ਗ਼ੈਰਾਂ ਨਾਲ ਖੜ੍ਹਾ ਸੀ,
ਵ੍ਹਾ ਓਏ ਖ਼ੂਬ ਬਹਾਨਾ ਘੜਿਆ ਆ੍ਹ ਹੋਈ ਨਾ ਗੱਲ।
ਤੇਰੀਆਂ ਯਾਦਾਂ ਦੀ ਮਿਸ਼ਰੀ ਦਾ ਇਕ ਇਕ ਟੁਕੜਾ ਘੁਲ ਕੇ,
ਮੇਰੇ ਸਾਹਾਂ ਦੇ ਵਿਚ ਵੜਿਆ ਆ੍ਹ ਹੋਈ ਨਾ ਗੱਲ।
ਖਵਰੇ ਕਿਧਰੋਂ ਏਨੀਂ ਜ਼ਿਆਦਾ ਲੋਅ ਪਈ ਆਉਂਦੀ ਐ,
ਜੂੜੇ ਵਿਚ ਉਸ ਸੂਰਜ ਜੜਿਆ ਆ੍ਹ ਹੋਈ ਨਾ ਗੱਲ।
ਸਾਰੇ ਚੰਨ ਸਿਤਾਰੇ ਉਸ ਨੇ ਆਪਣੇ ਤੋੜ ਲਏ,
ਦੋਸ਼ ਅਸਾਂ ਦੇ ਉਪੱਰ ਮੜਿਆ ਆ੍ਹ ਹੋਈ ਨਾ ਗੱਲ।
ਕੁਝ ਕੁਝ ਹੰਝੂ, ਕੁਝ ਕੁਝ ਹਾਸੇ ਮਹਫ਼ਿਲ ਦੇ ਚਿਹਰੇ ਤੇ,
ਇਕ ਇਕ ਸ਼ਿਅਰ ਬਾਲਮ ਨੇ ਪੜ੍ਹਿਆ ਆ੍ਹ ਹੋਈ ਨਾ ਗੱਲ।
           ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ
ਪੰਜਾਬ 9815625409  

You must be logged in to post a comment Login