ਗਾਜ਼ਾ ਜੰਗ ਦੌਰਾਨ ਜਨਮੇ ਤੇ ਫੌਤ ਹੋਏ ਜੌੜੇ ਭੈਣ-ਭਰਾ ਸਪੁਰਦੇ ਖ਼ਾਕ

ਗਾਜ਼ਾ ਜੰਗ ਦੌਰਾਨ ਜਨਮੇ ਤੇ ਫੌਤ ਹੋਏ ਜੌੜੇ ਭੈਣ-ਭਰਾ ਸਪੁਰਦੇ ਖ਼ਾਕ

ਰਾਫਾਹ, 4 ਮਾਰਚ- ਗਾਜ਼ਾ ਜੰਗ ਸ਼ੁਰੂ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਜਨਮੇ ਜੌੜੇ ਬੱਚਿਆਂ ਵੈਸਮ ਤੇ ਨਈਮ ਅਬੂ ਅਨਜ਼ਾ ਨੂੰ ਅੱਜ ਸਪੁਰਦੇ ਖਾਕ ਕਰ ਦਿੱਤਾ ਗਿਆ। ਇਹ ਉਸ ਪਰਿਵਾਰ ਦੇ 14 ਮੈਂਬਰਾਂ ’ਚੋਂ ਸਭ ਤੋਂ ਛੋਟੇ ਸਨ ਜਿਨ੍ਹਾਂ ਬਾਰੇ ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਾਤ ਭਰ ਰਫਾਹ ’ਚ ਕੀਤੇ ਗਏ ਇਜ਼ਰਾਇਲੀ ਹਵਾਈ ਹਮਲਿਆਂ ’ਚ ਮਾਰੇ ਗਏ ਸਨ। ਇਨ੍ਹਾਂ ਬੱਚਿਆਂ ਦੀ ਮਾਂ ਰਾਨੀਆ ਅਬੂ ਅਨਜ਼ਾ ਅੰਤਿਮ ਰਸਮਾਂ ਨਿਭਾਉਣ ਸਮੇਂ ਭੁੱਬਾਂ ਮਾਰ ਕੇ ਰੋ ਰਹੀ ਸੀ। ਉਸ ਦਾ ਪਤੀ ਵੀ ਇਸ ਹਮਲੇ ’ਚ ਮਾਰਿਆ ਗਿਆ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਇਨ੍ਹਾਂ ਜੌੜੇ ਬੱਚਿਆਂ ’ਚੋਂ ਇੱਕ ਲੜਕਾ ਤੇ ਇੱਕ ਲੜਕੀ ਸੀ। ਅਬੂ ਅਨਜ਼ਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਜਨਮ ਉਸ ਦੇ ਵਿਆਹ ਤੋਂ 11 ਸਾਲ ਮਗਰੋਂ ਹੋਇਆ ਸੀ। ਉਸ ਨੇ ਕਿਹਾ, ‘ਅਸੀਂ ਸੁੱਤੇ ਪਏ ਸੀ। ਅਸੀਂ ਨਾ ਤਾਂ ਗੋਲੀਬਾਰੀ ਕਰ ਰਹੇ ਸੀ ਤੇ ਨਾ ਹੀ ਲੜਾਈ ਲੜ ਰਹੇ ਸੀ। ਸਾਡਾ ਕੀ ਕਸੂਰ ਸੀ?’ ਰਿਸ਼ਤੇਦਾਰਾਂ ਨੇ ਕਿਹਾ ਕਿ ਜੌੜੇ ਬੱਚਿਆਂ ਦਾ ਜਨਮ ਤਕਰੀਬਨ ਚਾਰ ਮਹੀਨੇ ਪਹਿਲਾਂ ਹੋਇਆ ਸੀ। ਇਸ ਤੋਂ ਇੱਕ ਮਹੀਨਾ ਪਹਿਲਾਂ 7 ਅਕਤੂਬਰ ਨੂੰ ਜੰਗ ਸ਼ੁਰੂ ਹੋਈ ਸੀ ਜਦੋਂ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਇਸ ਜੰਗ ’ਚ ਹੁਣ ਤੱਕ ਗਾਜ਼ਾ ਪੱਟੀ ’ਚ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

You must be logged in to post a comment Login