ਗੁਰਦਾਸਪੁਰ, 14 ਮਾਰਚ- ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਕੈਦੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਹਾਲਾਤ ਬੇਕਾਬੂ ਹੋਣ ’ਤੇ ਜੇਲ੍ਹ ਦਾ ਸਾਇਰਨ ਦਸ ਮਿੰਟ ਤੋਂ ਵੀ ਵੱਧ ਲਗਾਤਾਰ ਵੱਜਦਾ ਰਿਹਾ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਫੋਰਸ ਬੁਲਾਏ ਜਾਣ ’ਤੇ ਕੈਦੀ ਹੋਰ ਜ਼ਿਆਦਾ ਭੜਕ ਗਏ ਅਤੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਵਿੱਚ ਚਾਰ ਮੁਲਾਜ਼ਮ ਹੋ ਗਏ।ਇਸ ਹਮਲੇ ਵਿੱਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਿੰਘ, ਜੇਲ੍ਹ ਸਕਿਓਰਟੀ ਦੇ ਜੋਧਾ ਸਿੰਘ, ਕਾਹਨੂੰਵਾਨ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਅਤੇ ਪੁਲੀਸ ਫ਼ੋਟੋਗਰਾਫ਼ਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਜ਼ਖ਼ਮੀ ਹੋ ਗਏ।ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੈਦੀਆਂ ਵੱਲੋਂ ਜੇਲ੍ਹ ਅੰਦਰ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਜਾ ਰਹੀ ਹੈ। ਕੈਦੀ ਜੇਲ੍ਹ ਦੀ ਛੱਤ ’ਤੇ ਸਥਿਤ ਮੈਸ ਦੇ ਉੱਪਰ 60-70 ਦੀ ਗਿਣਤੀ ਵਿੱਚ ਪਹੁੰਚ ਚੁੱਕੇ ਹਨ ਅਤੇ ਬਨੇਰੇ ਤੋੜ ਕੇ ਹੇਠਾਂ ਫੋਰਸ ’ਤੇ ਪਥਰਾਅ ਕਰ ਰਹੇ ਹਨ । ਕੈਦੀਆਂ ਨੇ ਗੈਸ ਸਲੰਡਰ ਵੀ ਛੱਤ ਉੱਪਰ ਰੱਖ ਲਿਆ ਹੈ। ਕੈਦੀਆਂ ਵੱਲੋਂ ਜੇਲ੍ਹ ਦੇ ਬਿਸਤਰਿਆਂ ਨੂੰ ਬਾਹਰ ਸੁੱਟ ਕੇ ਅੱਗ ਲਗਾਈ ਗਈ ਹੈ। ਹਾਲਾਤ ਨਾਲ ਨਜਿੱਠਣ ਲਈ ਬਾਹਰੀ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਫੋਰਸ ਮੰਗਵਾਈ ਗਈ ਹੈ। ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਬਰਸਾਏ ਜਾ ਰਹੇ ਹਨ।

You must be logged in to post a comment Login