ਗੁਰਦਾਸਪੁਰ, 27 ਜੁਲਾਈ- ਗੁਰਦਾਸਪੁਰ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਪੁਰਸ਼ਾਂ ਅਤੇ ਇੱਕ ਮਹਿਲਾ ਕੋਲੋਂ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਸਹਾਇਕ ਪੁਲੀਸ ਕਪਤਾਨ ਦੀਨਾਨਗਰ ਅਦਿੱਤਿਆ ਐੱਸ. ਵਾਰੀਅਰ ਅਤੇ ਡੀਐੱਸਪੀ ਸੁਖਪਾਲ ਸਿੰਘ ਦੀ ਦੇਖ-ਰੇਖ ਵਿੱਚ ਸ਼ੂਗਰ ਮਿੱਲ ਪਨਿਆੜ ਵਿੱਚ ਸਪੈਸ਼ਲ ਨਾਕਾ ਬੰਦੀ ਦੌਰਾਨ ਕਾਰ ਪੀਬੀ-31, 1679 ਸਵਿਫ਼ਟ ਡਿਜ਼ਾਇਰ ਨੂੰ ਰੋਕ ਕੇ ਚੈਕਿੰਗ ਕੀਤੀ। ਇਸ ਗੱਡੀ ਵਿੱਚ ਸਵਾਰ 2 ਪੁਰਸ਼ਾਂ ਅਤੇ ਇੱਕ ਔਰਤ ਨੇ ਆਪਣੀ ਪਛਾਣ ਵਿਕਰਮਜੀਤ ਸਿੰਘ ਉਰਫ਼ ਵਿਕੀ ਵਾਸੀ ਜਖੇਪਲ ਥਾਣਾ ਧਰਮਗੜ੍ਹ, ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ਼ ਹਰਮਨ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਵਾਸੀ ਗੁੱੜਦੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਵਜੋਂ ਦੱਸੀ। ਪੁਲੀਸ ਪਾਰਟੀ ਵੱਲੋਂ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਰੀਬ 18 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਕਾਰ ਵਿੱਚੋਂ ਕੈਮਰਾ ਵੀ ਬਰਾਮਦ ਹੋਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਹੈਰੋਇਨ ਦੀ ਬਰਾਮਦੀ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛ-ਪੜਤਾਲ ਤੋਂ ਸਾਹਮਣੇ ਆਇਆ ਕਿ ਮੁਲਜ਼ਮ ਇਹ ਖੇਪ ਸ੍ਰੀਨਗਰ ਤੋਂ ਲੈ ਕੇ ਆ ਰਹੇ ਸਨ। ਇਸ ਡਰੱਗ ਰੈਕਟ ਦਾ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ, ਜੋ ਹੈਰੋਇਨ ਮੰਗਵਾਉਣ ਅਤੇ ਸਪਲਾਈ ਕਰਦਾ ਹੈ, ਜਿਸ ਵੱਲੋਂ ਇਹ ਡਰੱਗ ਰੈਕਟ ਅਮਰੀਕਾ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਉਰਫ਼ ਕਾਲਾ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ 2 ਮੁਕੱਦਮੇ ਦਰਜ ਹਨ।

You must be logged in to post a comment Login