ਗੁਰਦੁਆਰਾ ਨਾਨਕਮੱਤਾ ਪ੍ਰਬੰਧਕ ਕਮੇਟੀ ਨੂੰ ਪੁਲੀਸ ਵਲੋਂ ਤੰਗ ਕਰਨ ਦਾ ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਗੁਰਦੁਆਰਾ ਨਾਨਕਮੱਤਾ ਪ੍ਰਬੰਧਕ ਕਮੇਟੀ ਨੂੰ ਪੁਲੀਸ ਵਲੋਂ ਤੰਗ ਕਰਨ ਦਾ ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਅੰਮ੍ਰਿਤਸਰ, 25 ਅਪਰੈਲ- ਉੱਤਰਾਖੰਡ ਸਥਿਤ ਗੁਰਦੁਆਰਾ ਨਾਨਕਮੱਤਾ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਆਗੂਆਂ ਨੂੰ ਪੁਲੀਸ ਵਲੋਂ ਤੰਗ ਕਰਨ ਦਾ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉੱਤਰਾਖੰਡ ਸਰਕਾਰ ਵਲੋਂ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ’ਚ ਗੁਰਦੁਆਰਾ ਨਾਨਕਮੱਤਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਆਗੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਕਤਲ ਮਾਮਲੇ ਦੇ ਬਹਾਨੇ ਪੁਲੀਸ ਸਿੱਖ ਆਗੂਆਂ ਖ਼ਿਲਾਫ਼ ਨਾਜਾਇਜ਼ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉੱਥੋਂ ਦੇ ਗੁਰਧਾਮਾਂ ’ਤੇ ਕਾਬਜ਼ ਹੋਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਨਾਲ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਸਾਰਾ ਸਿੱਖ ਜਗਤ ਖੜ੍ਹਾ ਹੈ ਅਤੇ ਉਤਰਾਖੰਡ ਸਰਕਾਰ ਆਪਣੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰੇ। ਇਸ ਤਰ੍ਹਾਂ ਸਿੱਖ ਆਗੂਆਂ ਨੂੰ ਝੂਠੇ ਪੁਲੀਸ ਕੇਸਾਂ ਵਿਚ ਫਸਾਉਣ ਦੇ ਨਤੀਜੇ ਚੰਗੇ ਨਹੀਂ ਹੋਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਨੋਟਿਸ ਲੈਂਦਿਆਂ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਗੁਰਦੁਆਰਾ ਕਮੇਟੀ ਨੂੰ ਪੁਲੀਸ ਵੱਲੋਂ ਤੰਗ ਕਰਨ ਤੋਂ ਰੋਕਣ ਅਤੇ ਸਿੱਖ ਭਾਵਨਾਵਾਂ ਨੂੰ ਸਮਝਣ।

You must be logged in to post a comment Login