ਪਟਿਆਲਾ, 23 ਜਨਵਰੀ (ਕੰਬੋਜ):- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਅੱਜ ਹੋਈ ”ਪਟਿਆਲਾ ਮੀਡੀਆ ਕਲੱਬ” ਦੀ ਚੋਣ ਪ੍ਰਕਿਰਿਆ ਮਗਰੋਂ ਰੋਜ਼ਾਨਾ ਅਜੀਤ ਦੇ ਨਿਰਧੜੱਕ ਤੇ ਨੌਜਵਾਨ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਨੂੰ ਪਟਿਆਲਾ ਮੀਡੀਆ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ।ਇਸੇ ਤਰ੍ਹਾਂ ਹੀ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵਲੋਂ ਨਵਾਂ ਇਤਿਹਾਸ ਸਿਰਜਦਿਆਂ ‘ਪਟਿਆਲਾ ਮੀਡੀਆ ਕਲੱਬ’ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਦਿਆਂ ਰਿਟਰਨਿੰਗ ਅਫਸਰ ਉਜਾਗਰ ਸਿੰਘ, ਸਹਾਇਕ ਆਰ ਓ ਕੁਲਜੀਤ ਸਿੰਘ ਤੇ ਸੁਰਜੀਤ ਸਿੰਘ ਦੁਖੀ ਨੇ ਐਲਾਨ ਕੀਤਾ ਕਿ ਰਾਜੇਸ਼ ਸ਼ਰਮਾ ਪੰਜੌਲਾ ਇੰਚਾਰਜ ਪੰਜਾਬ ਕੇਸਰੀ ਗਰੁੱਪ ਨੂੰ ਸਕੱਤਰ ਜਨਰਲ, ਡਾ. ਮਨੀਸ਼ ਸਰਹਿੰਦੀ ਟਾਈਮਜ਼ ਆਫ ਇੰਡੀਆ ਨੂੰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਢਿੱਲੋਂ ਰੋਜ਼ਾਨਾ ਅਜੀਤ ਤੇ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ ਅਤੇ ਪਰਮੀਤ ਸਿੰਘ ਪੰਜਾਬ ਕੇਸਰੀ ਗਰੁੱਪ ਨੂੰ ਸਕੱਤਰ ਚੁਣਿਆ ਗਿਆ ਹੈ। ਸ਼ਾਹੀ ਸ਼ਹਿਰ ਵਿਚ ਪਹਿਲੀ ਵਾਰ ਪੱਤਰਕਾਰੀ ਭਾਈਚਾਰੇ ਵਿਚ ਖਜਾਨਚੀ ਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ। ਪੰਜਾਬੀ ਜਾਗਰਣ ਦੇ ਨਵਦੀਪ ਢੀਂਗਰਾ ਖਜ਼ਾਨਚੀ ਤੇ ਯੋਗੇਸ਼ ਧੀਰ ਦੈਨਿਕ ਸਵੇਰਾ ਅਤੇ ਸੰਜੇ ਵਰਮਾ ਦੈਨਿਕ ਜਾਗਰਣ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਮੋਹਣ ਲਾਲ ਦੈਨਿਕ ਜਾਗਰਣ ਨੂੰ ਫੋਟੋ ਜਰਨਲਿਸਟ ਲਈ ਰਾਖਵੇਂ ਅਹੁਦੇ ਵਾਸਤੇ ਜੁਆਇੰਟ ਸਕੱਤਰ ਚੁਣਿਆ ਗਿਆ, ਜਦਕਿ ਆਤਿਸ਼ ਗੁਪਤਾ ਅਜੀਤ ਸਮਾਚਾਰ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਪੰਜਾਬ ਐਕਸਪ੍ਰੈਸ ਵਲੋਂ ‘ਪਟਿਆਲਾ ਮੀਡੀਆ ਕਲੱਬ’ ਦੀ ਨਵੀਂ ਟੀਮ ਨੂੰ ਮੁਬਾਰਕਾਂ : ਪਟਿਆਲਾ ਮੀਡੀਆ ਕਲੱਬ ਦੀ ਨਵੀਂ ਚੁਣੀ ਗਈ ਟੀਮ ਨੂੰ ਪੰਜਾਬ ਐਕਸਪ੍ਰੈਸ ਆਸਟਰੇਲੀਆ ਨੇ ਵਧਾਈਆਂ ਦਿੱਤੀਆਂ ਅਤੇ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵਿਚ ਦਿਖਾਈ ਬੇਮਿਸਾਲ ਏਕਤਾ ਦੀ ਸ਼ਲਾਘਾ ਕੀਤੀ।

You must be logged in to post a comment Login