ਗੁਰੂ ਘਰਾਂ ਵਿਚ ਫ਼ਾਲਤੂ ਰੁਮਾਲਿਆਂ ਦੀ ਸਮੱਸਿਆ

ਗੁਰੂ ਘਰਾਂ ਵਿਚ ਫ਼ਾਲਤੂ ਰੁਮਾਲਿਆਂ ਦੀ ਸਮੱਸਿਆ
ਗਿਆਨੀ ਸੰਤੋਖ ਸਿੰਘ

ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆਂ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁਝ ਸੁੱਖਣਾ ਲਾਹੁਣ ਲਈ, ਕੁਝ ਵੇਖੋ ਵੇਖੀ, ਕੁਝ ਮਰਯਾਦਾ ਸਮਝ ਕੇ, ਕੁਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁਝ ਹੋਰ ਕਾਰਨਾਂ ਕਰਕੇ, ਹਰ ਰੋਜ਼ ਦੇਸ ਤੇ ਪਰਦੇਸ ਵਿਚਲੇ ਗੁਰਦੁਆਰਿਆਂ ਵਿਚ, ਲੱਖਾਂ ਦੀ ਗਿਣਤੀ ਵਿਚ ਰੁਮਾਲੇ ਮਹਾਰਾਜ ’ਤੇ ਚੜ੍ਹਾਏ ਜਾਂਦੇ ਹਨ। ਸਿਰਫ਼ ਇਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਛੁਹਾ ਕੇ ਤੇ ਫੇਰ ਲਾਹ ਕੇ ਕਿਸੇ ਕੋਠੜੀ ਅੰਦਰ ਸੁੱਟ ਦਿੱਤੇ ਜਾਂਦੇ ਹਨ, ਜਿਥੇ ਕੇਵਲ ਉਹ ਚੂਹਿਆਂ ਵਾਸਤੇ ‘ਮਹੱਲਾਂ’ ਦਾ ਕੰਮ ਹੀ ਦਿੰਦੇ ਹਨ ਤੇ ਪਰਦੇਸਾਂ ਵਿਚ ਅੱਗ ਦੇ ਖ਼ਤਰੇ ਦਾ ਕਾਰਨ ਵੀ ਬਣਦੇ ਹਨ। ਕੁਝ ਗ੍ਰੰਥੀ ਸਿੰਘ ਵੀ, ਕਿਸੇ ਅੰਧ ਵਿਸ਼ਵਾਸ ਦੇ ਅਸਰ ਹੇਠ, ਨਾ ਤਾਂ ਸੰਗਤਾਂ ਨੂੰ ਇਸ ਬੇਲੋੜੀ ਫ਼ਜ਼ੂਲ ਖ਼ਰਚੀ ਤੋਂ ਬਚਾ ਕੇ ਇਸ ਧਨ ਨੂੰ ਸਕਾਰਥ ਕਾਰਜਾਂ ਵਿਚ ਖ਼ਰਚਣ ਲਈ ਪ੍ਰੇਰਨਾ ਕਰਦੇ ਹਨ ਤੇ ਨਾ ਫਿਰ ਇਸ ਕੀਮਤੀ ਕੱਪੜੇ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੋਗ ਅਗਵਾਈ ਹੀ ਦਿੰਦੇ ਹਨ। ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਇਕ ਬਹੁਤ ਥੋਹੜੀ ਜਿਹੀ ਦਲੇਰੀ ਇਸ ਪਾਸੇ ਕੀਤੀ ਸੀ। ਸੰਗਤਾਂ ਨੂੰ ਤਸਵੀਰਾਂ ਵਾਲੇ ਰੁਮਾਲੇ ਗੁਰੂ ਗ੍ਰੰਥ ਸਾਹਿਬ ਜੀ ’ਤੇ ਚੜ੍ਹਾਉਣੋ ਰੋਕਿਆ ਸੀ। ਹੁਣ ਕੁਝ ਦਿਨ ਹੋਏ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਦਵਾਨ ਮੁਖ ਗ੍ਰੰਥੀ, ਸਿੰਘ ਸਾਹਿਬ ਜੀ, ਨੇ ਆਖਿਆ ਕਿ ਸੰਗਤਾਂ ਗੁਰਬਾਣੀ ਦੀਆਂ ਤੁਕਾਂ ਲਿਖੇ ਵਾਲੇ ਰੁਮਾਲੇ ਖ਼ਰੀਦ ਕੇ ਨਾ ਚੜ੍ਹਾਉਣ। ਪਰ ਸਮੱਸਿਆ ਨੂੰ ਸਹੀ ਥਾਂ ’ਤੇ ਹੱਥ ਪਾਉਣ ਦਾ ਹੌਸਲਾ ਕੋਈ ਨਹੀਂ ਕਰਦਾ।

ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦੁਆਰਾ ਸਾਹਿਬਾਨ ਵਿਖੇ ਸਟੋਰਾਂ ਵਿਚ ਰੁਲਦੇ ਰੁਮਾਲਿਆਂ ਵਿਚੋਂ, ਸਬੰਧਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਆਗਿਆ ਨਾਲ, ਨਿਹੰਗ ਸਿੰਘ, ਸੰਤ, ਮਹਾਤਮਾ ਆਦਿ ਰੁਮਾਲੇ ਲੈ ਜਾਇਆ ਕਰਦੇ ਸਨ। ਫਿਰ ਵੀ ਰੁਮਾਲੇ ਪੂਰੇ ਵਰਤੋਂ ਵਿਚ ਨਹੀਂ ਸਨ ਲਿਆਂਦੇ ਜਾ ਸਕਦੇ ਤੇ ਸਟੋਰਾਂ ਵਿਚ ਪਏ ਢੇਰਾਂ ਦੇ ਢੇਰ ਰੁਲਦੇ ਰਹਿੰਦੇ ਸਨ। ਮੇਰੇ ਬਚਪਨ ਸਮੇ ਇਹਨਾਂ ਦੀ ਸੁਚੱਜੀ ਵਰਤੋਂ ਇਕ ਇਹ ਵੀ ਹੁੰਦੀ ਸੀ ਕਿ ਨਵ ਜਨਮੇ ਬੱਚੇ/ਬੱਚੀ ਨੂੰ ਜਦੋਂ ਪਰਵਾਰ ਪਹਿਲੀ ਵਾਰ ਮੱਥਾ ਟਿਕਾਉਣ ਗੁਰਦੁਆਰਾ ਸਾਹਿਬ ਵਿਚ ਲਿਜਾਇਆ ਕਰਦਾ ਸੀ ਤਾਂ ਓਦੋਂ ਗ੍ਰੰਥੀ ਸਿੰਘ, ਸਿਰੋਪੇ ਵਜੋਂ, ਉਸ ਬੱਚੇ ਨੂੰ, ਇਕ ਰੁਮਾਲੇ ਦੀ ਬਖ਼ਸ਼ਿਸ਼ ਕਰਿਆ ਕਰਦੇ ਸਨ; ਜਿਸ ਦਾ ਪਰਵਾਰ ਵਾਲੇ ਚੋਲ਼ਾ ਬਣਾ ਕੇ ਬੱਚੇ ਦੇ ਗਲ਼ ਪਾਇਆ ਕਰਦੇ ਸਨ ਜੋ ਕਿ ਹੁਣ ਇਹ ਰਸਮ, ਨਵੀਂ ਵਿੱਦਿਆ ਦੀ ਰੌਸ਼ਨੀ ਵਿਚ, ਹੋਰ ਵੀ ਕਈ ਬਹੁਤ ਸਾਰੀਆਂ ਚੰਗੀਆਂ ਰਸਮਾਂ ਵਾਂਗ, ਅਲੋਪ ਹੋ ਚੁੱਕੀ ਹੈ।
੧੯੭੭ ਦੀ ਗੱਲ ਹੈ ਕਿ ਲੰਡਨ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਮੈਂ ਧਾਰਮਿਕ ਵਿਖਿਆਨ ਦੇਣ ਹਿਤ ਗਿਆ ਤਾਂ ਉਸ ਸਮੇ ਓਥੋਂ ਦੇ ਗ੍ਰੰਥੀ ਸਿੰਘ ਜੀ ਨੇ ਮੇਰੇ ਕੋਲੋਂ ਰੁਮਾਲਿਆਂ ਦੀ ਸਮੱਸਿਆ ਦਾ ਸਮਾਧਾਨ ਪੁੱਛਿਆ। ਉਸ ਨੇ ਵਿਖਾਇਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਗੈਲਰੀ ਰੁਮਾਲਿਆਂ ਦੀਆਂ ਪੰਡਾਂ ਨਾਲ ਭਰੀ ਪਈ ਹੈ ਤੇ ਇਹਨਾਂ ਵਿਚ ਚੂਹੇ ਲੁੱਡੀਆਂ ਪਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕਿਤੇ ਕੌਂਸਲ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ‘ਫ਼ਾਇਰ ਹੈਜ਼ਰਡ’ ਦਾ ਦੋਸ਼ ਲਾ ਕੇ ਜੁਰਮਾਨਾ ਵੀ ਕਰਨਾ ਏਂ ਤੇ ਫ਼ੌਰੀ ਤੌਰ ’ਤੇ ਇਹਨਾਂ ਨੂੰ ਖ਼ਤਮ ਕਰਨ ਲਈ ਹੁਕਮ ਵੀ ਦੇ ਦੇਣਾ ਹੈ। ਓਹਨੀਂ ਦਿਨੀਂ ਬੰਗਲਾ ਦੇਸ਼ ਵਿਚ ਆਏ ਤੂਫ਼ਾਨ ਤੋਂ ਪ੍ਰਭਾਵਤ ਲੋਕਾਂ ਲਈ, ਗੁਰੂ ਘਰਾਂ ਵਿਚ ਮਾਇਆ, ਕੱਪੜੇ ਆਦਿ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਮੈਂ ਸਟੇਜ ’ਤੇ ਸੁਝਾ ਦੇ ਦਿੱਤਾ ਕਿ ਇਹ ਰੁਮਾਲੇ ਵੀ ਓਥੇ ਲੋੜਵੰਦਾਂ ਨੂੰ ਭੇਜ ਦੇਣੇ ਚਾਹੀਦੇ ਹਨ। ਇਹ ਭਲੇ ਦਾ ਕਾਰਜ ਹੈ। ਦੀਵਾਨ ਦੀ ਸਮਾਪਤੀ ’ਤੇ ਇਕ ਗੁਰਸਿੱਖ ਸੱਜਣ ਬੜੇ ਜੋਸ਼ ਵਿਚ ਮੇਰੇ ਪਾਸ ਆਏ ਤੇ ਕੁਝ ਇਸ ਤਰ੍ਹਾਂ ਬੋੇਲੇ, “ਕੋਈ ਸਿਆਣੀ ਗੱਲ ਵੀ ਕਰ ਲਿਆ ਕਰੋ! ਕੀ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਏਹੀ ਕੁਝ ਸਿਖਾਉਂਦੇ ਨੇ!” ਦੱਸੋ ਮੈਂ ਕੀ ਉਤਰ ਦਿੰਦਾ! “ਇਕ ਚੁੱਪ ਤੇ ਸੌ ਸੁਖ।” ਸੋਚ ਕੇ ਚੁੱਪ ਰਿਹਾ।
ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਜੇ ਅੱਜ ਗੁਰੂ ਕੇ ਸ਼ਰਧਾਲੂ ਸਿੱਖ ਸ਼ਬਦ-ਗੁਰੂ ਵਾਸਤੇ ਏਨੇ ਕੀਮਤੀ ਤੇ ਬਹੁਤਾਤ ਵਿਚ ਰੁਮਾਲੇ ਭੇਟ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਦੇ ਸਰੀਰਕ ਜਾਮੇ ਸਮੇ ਕਿੰਨੇ ਸੋਹਣੇ, ਕੀਮਤੀ ਤੇ ਬਹੁਲਤਾ ਵਿਚ ਬਸਤਰ ਭੇਟ ਕਰਦੇ ਹੋਣਗੇ! ਇਹਨਾਂ ਭੇਟ ਹੋਏ ਬਸਤਰਾਂ ਨੂੰ ਕੀ ਮਹਾਰਾਜ ਅੱਗ ਵਿਚ ਪਾ ਕੇ ਸਾੜਦੇ ਹੋਣਗੇ ਕਿ ਜਾਂ ਗੁਰਸਿੱਖਾਂ ਨੂੰ, ਉਹਨਾਂ ਦੇ ਪਹਿਨਣ ਵਾਸਤੇ ਬਖ਼ਸ਼ਦੇ ਹੋਣਗੇ! ਇਤਿਹਾਸ ਵਿਚ ਕਿਤੇ ਇਸ ਗੱਲ ਦਾ ਜ਼ਿਕਰ ਮੈਂ ਅਜੇ ਤੱਕ ਨਹੀਂ ਵੇਖਿਆ ਕਿ ਕਿਸੇ ਗੁਰੂ ਸਾਹਿਬ ਜੀ ਨੇ ਸੰਗਤਾਂ ਵੱਲੋਂ ਸ਼ਰਧਾ ਸਹਿਤ ਭੇਟਾ ਹੋਏ ਬਸਤਰ ਅੱਗ ਵਿਚ ਸਾੜੇ ਹੋਣ। ਸਗੋਂ ਇਸ ਤੋਂ ਉਲਟ, ਸ੍ਰੀ ਗੁਰੂ ਅਮਰ ਦਾਸ ਜੀ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਜ਼ਿਕਰ ਕਰਦੇ ਹੋਏ, ਪ੍ਰੋ. ਸਤਿਬੀਰ ਸਿੰਘ ਜੀ, ਆਪਣੀ ਪੁਸਤਕ ‘ਪਰਬਤੁ ਮੇਰਾਣੁ’ ਦੇ ਪੰਨਾ ੫੫ ਉਪਰ, ਇਸ ਤਰ੍ਹਾਂ ਲਿਖਦੇ ਹਨ:
ਇਸ਼ਨਾਨ ਕਰਨ ਉਪ੍ਰੰਤ ਬਸਤਰ ਸਫ਼ੈਦ ਪਾਉਂਦੇ। ਜੋ ਇਕ ਵਾਰੀ ਬਸਤਰ ਪਾ ਲੈਂਦੇ, ਉਸ ਨੂੰ ਫਿਰ ਅੰਗੀਕਾਰ ਨਾ ਕਰਦੇ। ਪਹਿਲਾ ਬਸਤਰ ਗ਼ਰੀਬ ਲੋੜਵੰਦ ਨੂੰ ਦਿੰਦੇ। ਇਸ ’ਤੇ ਹੈਰਾਨੀ ਇਹ ਕਿ ਦੂਜਾ ਜੋੜਾ ਘਰ ਵਿਚ ਨਹੀਂ ਸੀ ਰੱਖਦੇ :
ਧਾਰੇ ਸੋ ਬਸਤਰ ਸੁਏਤ। ਦੂਜੇ ਨ ਰੱਖੈ ਨਕੇਤ॥
ਪਹਰੈ ਸੋ ਫੇਰ ਨਵੀਨ। ਯਹ ਬਖ਼ਸ਼ ਸਿੱਖਨ ਕੀਨ॥੨੦॥
(ਮਹਿਮਾ ਪ੍ਰਕਾਸ਼, ਸਾਖੀ ਦੋ, ਪਾਤਿਸ਼ਾਹੀ ਤੀਜੀ)
ਇਸ ਸਮੱਸਿਆ ਦੇ ਕੁਝ ਮੇਰੀ ਸਾਧਾਰਣ ਸਮਝ ਵਿਚ ਆਉਣ ਵਾਲੇ ਸਰਲ ਸਮਾਧਾਨ:
੧. ਸੰਗਤਾਂ ਨੂੰ ਸਮੇ ਸਮੇ ਪ੍ਰਬੰਧਕਾਂ ਵੱਲੋਂ ਤੇ ਗ੍ਰੰਥੀ ਸਿੰਘਾਂ ਵੱਲੋਂ ਪ੍ਰੇਰਿਆ ਜਾਂਦਾ ਰਹੇ ਕਿ ਰੁਮਾਲੇ ਵਾਲੀ ਰਕਮ ਕਿਸੇ ਹੋਰ ਲੋੜੀਂਦੇ ਥਾਂ ਲਾਵੋ। ਭਾਵੇਂ ਇਹ ਗੱਲ ਛੇਤੀ ਕਿਸੇ ਵਿਰਲੇ ਦੀ ਹੀ ਸਮਝ ਵਿਚ ਆਵੇਗੀ ਪਰ ਅਸੀਂ, ਜਿਨ੍ਹਾਂ ਦੀ ਡਿਊਟੀ ਹੀ ਸੱਚੇ ਪ੍ਰਚਾਰ ਦੀ ਹੈ, ਇਸ ਤੋਂ ਕਿਉਂ ਮੂੰਹ ਮੋੜੀਏ!
੨. ਪਹਿਲੀ ਵਾਰ ਬੱਚੇ/ਬੱਚੀ ਨੂੰ ਗੁਰੂ ਘਰ ਵਿਚ ਲਿਆਉਣ ਸਮੇ, ਗੁਰੂ ਘਰ ਤੋਂ ਗ੍ਰੰਥੀ ਸਿੰਘ ਜੀ ਵੱਲੋਂ, ਉਸ ਨੂੰ ਰੁਮਾਲੇ ਦਾ ਸਿਰੋਪਾ ਬਖ਼ਸ਼ਿਆ ਜਾਵੇ। ਉਹ ਚੋਲ਼ਾ ਬਣਾ ਕੇ ਬੱਚੇ ਦੇ ਗਲ ਪਾਉਣ ਜਾਂ ਨਾ ਪਾਉਣ।
੩. ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜਿਵੇਂ, ਕੁਝ ਸਾਲ ਪਹਿਲਾਂ, ਇਕ ਸੇਹਰਾ ਭੇਟਾ ਕਰਨ ਵਾਲੇ ਹਰੇਕ ਸ਼ਰਧਾਲੂ ਨੂੰ ਇਕ ਸੇਹਰਾ ਮਹਾਰਾਜ ਦੀ ਬੀੜ ਤੋਂ ਲੈ ਕੇ ਬਖ਼ਸ਼ਿਆ ਜਾਂਦਾ ਸੀ; ਏਸੇ ਹੀ ਮਰਯਾਦਾ ਅਨੁਸਾਰ ਹਰੇਕ ਨਵਾਂ ਰੁਮਾਲਾ ਲਿਆਉਣ ਵਾਲੇ ਨੂੰ ਵੀ, ਗੁਰੂ ਘਰ ਵੱਲੋਂ ਪੁਰਾਣੇ ਰੁਮਾਲਿਆਂ ਵਿਚੋਂ ਗ੍ਰੰਥੀ ਸਿੰਘ ਇਕ ਰੁਮਾਲੇ ਦੀ ਬਖ਼ਸ਼ਿਸ਼ ਕਰੇੇ। ਅੱਗੋਂ ਉਸ ਲਿਆਉਣ ਵਾਲੇ ਦੀ ਮਰਜ਼ੀ ’ਤੇ ਛੱਡ ਦਿੱਤਾ ਜਾਵੇ ਕਿ ਉਸ ਨੇ ਇਸ ਦੀ ਕਿਵੇਂ ਯੋਗ ਵਰਤੋਂ ਕਰਨੀ ਹੈ।
੪. ਨਵੀਂ ਸੋਚ ਵਾਲੇ ਵਿਦਵਾਨ ਸਿੱਖਾਂ ਵੱਲੋਂ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਕਿ ਜੇਕਰ ਗੁਰੂ ਸਾਹਿਬਾਨ ਆਪਣੇ ਪੰਜ ਭੂਤਕ ਸਰੀਰਕ ਜਾਮੇ ਸਮੇ, ਆਪਣੇ ਪੁਰਾਣੇ ਬਸਤਰ ਜਾਂ ਜੋ ਵਸਤੂਆਂ ਆਦਿ ਪ੍ਰੇਮੀ ਸਿੱਖਾਂ ਨੂੰ ਬਖ਼ਸ਼ਿਆ ਕਰਦੇ ਸਨ ਤੇ ਪ੍ਰੇਮੀ ਸਿੱਖ ਬੜੀ ਸ਼ਰਧਾ ਨਾਲ ਉਹਨਾਂ ਨੂੰ ਪਹਿਨਿਆ ਕਰਦੇ ਸਨ; ਤੇ ਇਹ ਕੁਝ ਕਰਦਿਆਂ ਉਹਨਾਂ ਵਸਤੂਆਂ ਦਾ ਤ੍ਰਿਸਕਾਰ ਨਹੀਂ ਬਲਕਿ ਸਤਿਕਾਰ ਹੋਇਆ ਸਮਝਦੇ ਸਨ। ਉਹ ਆਪ ਵੀ ਇਸ ਗੱਲ ਨੂੰ ਸਮਝਣ ਤੇ ਸੰਗਤਾਂ ਨੂੰ ਵੀ ਸਮਝਾਉਣ ਕਿ ਜੇਕਰ ਗੁਰੂ ਘਰ ਵੱਲੋਂ ਬਖ਼ਸ਼ਿਸ਼ ਰੁਮਾਲਾ ਗੁਰੂ ਕੇ ਸਿੱਖ ਵਰਤਣ ਤਾਂ ਇਹ ਇਸ ਦੇ ਸਤਿਕਾਰ ਤੋਂ ਬਿਨਾ ਹੋਰ ਕੁਝ ਨਹੀਂ, ਸਗੋਂ ਗੁਰੂ ਵਲੋਂ ਬਖ਼ਸ਼ੀ ਵਸਤੂ ਨੂੰ, ਉਸ ਮਕਸਦ ਲਈ ਨਾ ਵਰਤਣਾ, ਜਿਸ ਲਈ ਉਸ ਦੀ ਵਰਤੋਂ ਹੋ ਸਕਦੀ ਹੈ, ਤ੍ਰਿਸਕਾਰ ਹੈ। ਰੁਮਾਲਿਆਂ ਦਾ ਸਾੜਨਾ, ਜਿਸ ਨੂੰ ਭੁਲੇਖੇ ਵੱਸ ਸਸਕਾਰ ਕਰਨਾ ਕਿਹਾ ਜਾਂਦਾ ਹੈ, ਅਤੀ ਤ੍ਰਿਸਕਾਰ ਹੈ ਤੇ ਨਾ ਬਖ਼ਸ਼ਿਆ ਜਾਣ ਵਾਲਾ ਅਪਰਾਧ ਹੈ; ਹਰ ਪੱਖੋਂ ਹੀ। ਹਾਂ, ਇਹ ਵੱਖਰੀ ਗੱਲ ਹੈ ਕਿ ਜੇਕਰ ਇਹ ਰੁਮਾਲਾ ਕਿਸੇ ਵਿਅਕਤੀ ਦੇ ਵਰਤੇ ਜਾਣ ਤੋਂ ਬਾਅਦ ਮਹਾਰਾਜ ਲਈ ਵਰਤਿਆ ਜਾਵੇ ਤਾਂ ਇਹ ਸਤਿਕਾਰ ਨਹੀਂ; ਅਜਿਹਾ ਕਦਾਚਿਤ ਨਹੀਂ ਕਰਨਾ ਚਾਹੀਦਾ।
੫. ਜਿਸ ਲੋੜਵੰਦ ਪਰਵਾਰ ਨੂੰ, ਗੁਰੂ ਘਰ ਦੇ ਪ੍ਰਬੰਧਕ ਅਧਿਕਾਰੀ ਸਮਝਣ, ਉਸ ਨੂੰ ਪਰਵਾਰਕ ਮੈਂਬਰਾਂ ਦੀ ਵਰਤੋਂ ਵਾਸਤੇ, ਲੋੜ ਅਨੁਸਾਰ ਪੁਰਾਣੇ ਰੁਮਾਲੇ ਬਖ਼ਸ਼ ਦਿੱਤੇ ਜਾਇਆ ਕਰਨ।
੬. ਗੁਰਦੁਆਰਾ ਸਾਹਿਬਾਨ ਵਿਖੇ ਆਉਣ ਵਾਲੇ ਬਿਨ ਪਗੜੀਏ ਸ਼ਰਧਾਲੂਆਂ ਵਾਸਤੇ, ਇਹਨਾਂ ਦੇ ਛੋਟੇ ਛੋਟੇ ਟੋਟੇ ਕਰ ਕੇ ਵੀ, ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ਿਆਂ ਦੇ ਬਾਹਰ ਰੱਖੇ ਜਾ ਸਕਦੇ ਹਨ।
ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਸੁਚੇਤ, ਸਿਆਣੇ, ਸੁਲਝੇ ਹੋਏ ਅਧਿਕਾਰੀ, ਇਸ ਪਾਸੇ ਧਿਆਨ ਦੇ ਕੇ ਸੰਗਤਾਂ ਦੀ ਯੋਗ ਅਗਵਾਈ ਕਰਨ ਦਾ ਉਦਮ ਕਰਦੇ! ਅੱਜ ਕਲ੍ਹ ਤਾਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੀ ਧਾਰਮਿਕ ਵਿੱਦਿਆ ਦੇ ਨਾਲ ਨਾਲ, ਦੁਨਿਆਵੀ ਵਿੱਦਿਆ ਪ੍ਰਾਪਤ ਡਿਗਰੀਧਾਰੀ ਵੀ ਹਨ। ਇਸ ਤੋਂ ਇਲਾਵਾ ਏਹਨੀਂ ਦਿਨੀਂ ਵੇਖਣ ਵਿਚ ਆ ਰਿਹਾ ਹੈ ਕਿ ਕਈ ‘ਫ਼ਰੀਲਾਂਸ ਕਥਾਵਾਚਕ’ ਵੀ, ਜੋ ਕਿ ਯੂਨੀਵਰਸਿਟੀਆਂ ਤੋਂ ਇਕ ਤੋਂ ਵਧ ‘ਮਾਸਟਰ ਡਿਗਰੀਆਂ’ ਪ੍ਰਾਪਤ ਕਰਤਾ ਹਨ, ਅਤੇ ਸਾਰੀ ਦੁਨੀਆ ਤੇ ਸਥਾਪਤ ਸਿੱਖ ਸੰਗਤਾਂ ਵਿਚ ਧਰਮ ਪ੍ਰਚਾਰ ਲਈ ਵਿਚਰ ਰਹੇ ਹਨ; ਸੰਗਤਾਂ ਤੇ ਪ੍ਰਬੰਧਕਾਂ ਨੂੰ ਇਸ ਅਤਿ ਜ਼ਰੂਰੀ ਸਮੱਸਿਆ ਬਾਰੇ ਸਹੀ ਅਗਵਾਈ ਨਹੀਂ ਬਖ਼ਸ਼ ਰਹੇ। ਇਸ ਪਾਸੇ ਸੰਗਤਾਂ ਨੂੰ ਸੁਚੇਤ ਕਰਨ ਦੀ, ਮੇਰੇ ਖ਼ਿਆਲ ਵਿਚ, ਉਪ੍ਰੋਕਤ ਸਾਰੇ ਧਾਰਮਿਕ ਪੁਰਸ਼ਾਂ ਦੀ ਜੁੰਮੇਵਾਰੀ ਹੈ।
ਨਵੰਬਰ ੨੦੦੬ ਵਿਚ, ਇਸ ਕਿਤਾਬ ਦੀ ਛਪਾਈ ਦੌਰਾਨ, ਜਦੋਂ ਮੈਂ ਆਪਣੇ ਚਿਰਾਂ ਦੇ ਮਿੱਤਰ, ਗੰਭੀਰ ਵਿਦਵਾਨ, ਨਿਰਮਾਣ ਗੁਰਸਿੱਖ, ਸਤਿਕਾਰਯੋਗ ਗਿ. ਜੋਗਿੰਦਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨਾਂ ਦੌਰਾਨ, ਉਹਨਾਂ ਨਾਲ ਇਸ ਸਮੱਸਿਆ ਬਾਰੇ ਵਿਚਾਰ-ਵਟਾਂਦਰੇ ਦੌਰਾਨ, ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਇਕ ਸੰਦੇਸ਼ ਜਾਰੀ ਕਰਨ ਕਿ ਰੁਮਾਲਿਆਂ ਨੂੰ ਸਾੜਨ ਦੀ ਬਜਾਇ ਇਹਨਾਂ ਦਾ ਸੁਚੱਜਾ ਉਪਯੋਗ ਕਰ/ਕਰਾ ਲਿਆ ਕਰਨ। ਕਿਸੇ ਵਹਿਮ ਅਧੀਨ ਇਹਨਾਂ ਨੂੰ ਸਾੜਨਾ ਯੋਗ ਨਹੀਂ ਹੈ। ਮੇਰੇ ਵਿਚਾਰਾਂ ਨਾਲ ਸਹਿਮਤੀ ਪਰਗਟ ਕਰਦਿਆਂ ਹੋਇਆਂ ਉਹਨਾਂ ਨੇ ਇਕ ਫ਼ੌਰੀ ਸੁਝਾ ਇਹ ਵੀ ਦਿੱਤਾ ਕਿ ਗੁਰਦੁਆਰਾ ਸਾਹਿਬਾਨ ਵਿਚਲੇ ਸਾਰੇ ਨਾ ਵਰਤਣ ਯੋਗ ਰੁਮਾਲਿਆਂ ਨੂੰ, ਡਾਕ ਰਾਹੀਂ ਪਾਰਸਲ ਕਰ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿੱਤੇ ਜਾਇਆ ਕਰਨ, ਏਥੇ ਉਹਨਾਂ ਦੀ ਯੋਗ ਵਰਤੋਂ ਕਰ ਲਈ ਜਾਇਆ ਕਰੇਗੀ।
ਉਹਨਾਂ ਵੱਲੋਂ ਅਜਿਹਾ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਕੋਈ ਸੰਦੇਸ਼ ਦਿੱਤਾ ਗਿਆ ਹੋਵੇ, ਇਸ ਦੀ ਅਜੇ ਤੱਕ ਮੇਰੇ ਕੋਲ ਕੋਈ ਸੂਚਨਾ ਨਹੀਂ ਹੈ।

You must be logged in to post a comment Login