ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਵਿਸ਼ਵ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ

ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਵਿਸ਼ਵ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ

ਗੁਰਮੇਲ ਸਿੰਘ ਗਿੱਲ

ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰੀ ਗਾਥਾ ਹੈ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਖਾਲਸੇ ਵੱਲੋਂ ਮੁਗਲਾਂ ਤੇ ਹੋਰ ਰਾਜਿਆਂ ਨਾਲ ਲੜੀਆਂ ਜੰਗਾਂ, ਸਾਕਾ ਦਰਬਾਰ ਸਾਹਿਬ ਅੰੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਕਈ ਸਾਕੇ ਇਸ ਦੀਆਂ ਇਤਿਹਾਸਕ ਗਵਾਹੀਆਂ ਭਰਦੇ ਹਨ। ਤਸੀਹੇ ਤੇ ਤਬਾਹੀਆਂ ਪੱਖੋਂ ਸਾਰੇ ਸ਼ਹੀਦਾਂ ਦੀ ਦਾਸਤਾਨ ਆਪਣੀ-ਆਪਣੀ ਵਿਲੱਖਣਤਾ ਪੇਸ਼ ਕਰਦੀ ਹੈ ਪਰ ਆਨੰਦਪੁਰ ਸਾਹਿਬ ਦੀ ਜੰਗ, ਸਰਸਾ ਦੀ ਜੰਗ ਤੋਂ ਪਿੱਛੋਂ ਸਾਕਾ ਸਰਹਿੰਦ ਅਤੇ ਸਾਕਾ ਚਮਕੌਰ ਸਾਹਿਬ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਨ੍ਹਾਂ ਸਾਕਿਆਂ ਦੌਰਾਨ ਦਸਵੇਂ ਗੁਰੂ ਗੋਬਿੰੰਦ ਸਿੰਘ ਜੀ ਦੇ ਚਾਰ ਸ਼ਾਹਿਬਜਾਦੇ, ਮਾਤਾ ਗੁਜਰੀ ਜੀ, ਤਿੰਨ ਪਿਆਰੇ ਅਤੇ ਹੋਰ ਸਿੱਖ ਯੋਧੇ ਸ਼ਹਾਦਤਾਂ ਪਾ ਗਏ। ਇਨ੍ਹਾਂ ਸ਼ਹੀਦੀਆਂ ਨੇ ਗੁਰੂ ਜੀ ਅਤੇ ਸਮੁੱਚੇ ਸਿੱਖ ਜਗਤ ਨੂੰ ਇੱਕ ਭਾਂਬੜ ਵਿੱਚ ਬਦਲ ਦਿੱਤਾ, ਜਿਸ ਬਾਰੇ ‘ਗੁਰਬਿਲਾਸ’ ਵਿੱਚ ਇੰਝ ਦਰਜ ਹੈ:

ਜਬ ਸੁਨਿਓ ਭੇਦ ਤੁੁਰਕਾਨ ਕਾਨ।

ਇਹ ਚਾਰ ਖਚਰ ਮੂਹਰੈ ਅਮਾਨ।

ਗਹ ਲਯੋ ਤਾਸ ਬਾਂਧੇ ਮੰਗਾਇ।

ਲੈ ਮਾਰਿ ਕੂਟ ਦੀਨੋ ਪਖਾਇ।

ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਜੋ ਲਾਸਾਨੀ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਨ੍ਹਾਂ ਦੀ ਮਿਸਾਲ ਵਿਸ਼ਵ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ। ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਅਤੇ ਛੱਡਣ ਸਮੇਂ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਹੀ ਸਨ। ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਨਦੀ ਪੂਰੀ ਚੜ੍ਹੀ ਹੋਈ ਸੀ ਤੇ ਪਾਣੀ ਛੱਲਾਂ ਮਾਰ ਰਿਹਾ ਸੀ। ਮੁਗਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਸਾਰੀਆਂ ਝੂਠੀਆਂ ਕਸਮਾਂ ਤੋੜ ਕੇ ਦਸਮ ਗੁਰੂ ਦੇ ਸਿੰਘਾਂ ’ਤੇ ਮਿਲ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਘਮਸਾਨ ਦਾ ਯੁੱਧ ਹੋਇਆ। ਗੁਰੂ ਜੀ ਦੇ ਅਨੇਕਾਂ ਸਿੰਘ ਅਤੇ ਹੱਥ ਲਿਖਤ ਗ੍ਰੰਥ ਤੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਆਦਿ ਇਸ ਯੁੱਧ ਅਤੇ ਨਦੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ। ਹਫੜਾ-ਤਫੜੀ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਦੇ ਜਥੇ ਤੋਂ ਵੱਖ ਹੋ ਗਏ। ਇਸ ਨੂੰ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਇੰਝ ਬਿਆਨ ਕਰਦੇ ਹਨ:

ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ।

ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ।

‘ਗੁਰ ਪ੍ਰਤਾਪ ਸੂਰਜ ਗ੍ਰੰਥ’ ਦੇ ਲੇਖਕ ਸੰਤੋਖ ਸਿੰਘ ਅਤੇ ਕਈ ਹੋਰ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਘਰ ਵਿੱਚ ਲੰਗਰ ਪਰਸ਼ਾਦਿਆਂ ਦੀ ਸੇਵਾ ਕਰਨ ਵਾਲਾ ‘ਗੰਗੂ’ ਨਾਂ ਦਾ ਵਿਆਕਤੀ ਇਸੇ ਮੌਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ। ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇਸ ਔਖੀ ਘੜੀ ਵਿੱਚ ਤੁਸੀਂ ਮੇਰੇ ਘਰ ਟਿਕਾਣਾ ਕਰ ਲਓ। ਛੋਟੇ-ਛੋਟੇ ਸਾਹਿਬਜ਼ਾਦੇ ਆਪਣੀ ਬਿਰਧ ਦਾਦੀ ਮਾਤਾ ਦੀਆਂ ਉਂਗਲਾਂ ਫੜ ਕੇ ਨਾਲ ਨਾਲ ਜੰਗਲਾਂ ਨੂੰ ਚੀਰਦੇ ਤੁਰਦੇ ਗਏ। ਗੰਗੂ ਆਪਣੇ ਪਿੰਡ ਸਹੇੜੀ ਵਿੱਚ ਮਾਤਾ ਜੀ ਅਤੇ ਸ਼ਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ। ਉਸ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ। ਉਸ ਦਾ ਮਨ ਲਾਲਚ ਵੱਸ ਬੇਈਮਾਨ ਹੋ ਗਿਆ। ਉਸ ਨੇ ਰਾਤ ਨੂੰ ਸੁੱਤੇ ਪਏ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮੋਹਰਾਂ ਚੁਰਾ ਲਈਆਂ। ਸਵੇਰ ਹੋਈ ਤਾਂ ਮਾਤਾ ਜੀ ਵੱਲੋਂ ਮੋਹਰਾਂ ਦੇ ਗੁੰਮ ਹੋ ਜਾਣ ਬਾਰੇ ਪੁੱਛਣ ’ਤੇ ਉਹ ਕਹਿਣ ਲੱਗਾ, ‘‘ਮੈਂ ਤੁਹਾਨੂੰ ਰਾਤ ਨੂੰ ਰਹਿਣ ਲਈ ਨਿਵਾਸ ਦਿੱਤਾ ਹੈ, ਫਿਰ ਤੁਸੀਂ ਹੀ ਮੇਰੇ ’ਤੇ ਚੋਰੀ ਦਾ ਦੋਸ਼ ਲਗਾ ਰਹੇ ਹੋ।’’ ਉਸ ਨੇ ਮੋਰਿੰਡੇ ਦੇ ਕੋਤਵਾਲ ਨੂੰ ਸੱਦ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਕੋਤਵਾਲ ਨੇ ਉਨ੍ਹਾਂ ਨੂੰ 23 ਦਸੰਬਰ 1704 ਈ ਨੂੰ ਸਰਹਿੰਦ ਦੇ ਨਵਾਬ ਵਜੀਰ ਖਾਂ ਦੇ ਹਵਾਲੇ ਕਰ ਦਿੱਤਾ। ਨਵਾਬ ਨੇ ਦਾਦੀ ਅਤੇ ਦੋਵਾਂ ਪੋਤਰਿਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ।

ਠੰਢੇ ਬੁਰਜ ਵਿੱਚ ਹੱਡ ਚੀਰਵੀਂ ਪੋਹ ਮਹੀਨੇ ਦੀ ਅੰਤਾਂ ਦੀ ਠੰਢ ਨਾਲ ਮਾਸੂਮ ਬੱਚਿਆਂ ਦੇ ਹੱਥਾਂ ਅਤੇ ਪੈਰਾਂ ਦੀਆਂ ਨਿੱਕੀਆਂ ਕੋਮਲ ਉਂਗਲਾਂ ਸੁੰਨ ਹੋ ਕੇ ਨੀਲੀਆਂ ਹੋ ਗਈਆਂ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਭਾਈ ਮੋਤੀ ਰਾਮ ਮਹਿਰਾ, ਜੋ ਵਜੀਰ ਖਾਂ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦਾ ਗੜਵਾ ਲੈ ਕੇ ਅਨੇਕਾਂ ਮੁਸ਼ਕਲਾਂ ਵਿੱਚੋਂ ਗੁਜ਼ਰਦਾ ਹੋਇਆ ਬੁਰਜ ਵਿੱਚ ਪਹੁੰਚਿਆ। ਮਾਤਾ ਗੁਜਰੀ ਜੀ ਨੇ ਦੁੱਧ ਪੋਤਰਿਆਂ ਨੂੰ ਛਕਾਇਆ ਅਤੇ ਮੋਤੀ ਰਾਮ ਮਹਿਰਾ ਨੂੰ ਅਸੀਸ ਦਿੱਤੀ:

ਪਿਖ ਕੇ ਪ੍ਰੇਮ ਸੂ ਮੋਤੀ ਕੇਰਾ, ਮਾਤਾ ਕਹਯੋ ਭਲਾ ਹੋਵੇ ਤੇਰਾ।

ਦਾਦੀ ਮਾਤਾ ਨੇ ਕੈਦ ਦੇ ਸਮੇਂ ਦੌਰਾਨ ਆਪਣੇ ਪੋਤਰਿਆਂ ਨੂੰ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ, ਪੰਜਵੇਂ ਗੁਰੂ ਅਰਜਨ ਦੇਵ ਅਤੇ ਹੋਰ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਅਤੇ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਦਲੇਰਾਨਾਂ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ। ਬਹਾਦਰੀ ਅਤੇ ਨਸੀਹਤਾਂ ਭਰੀਆਂ ਸਾਖੀਆਂ ਸੁਣ ਕੇ ਸਾਹਿਬਜ਼ਾਦਿਆਂ ਨੇ ਵੀ ਦਾਦੀ ਮਾਂ ਨੂੰ ਇਹੋ ਵਿਸ਼ਵਾਸ ਦਿੱਤਾ ਕਿ ਉਹ ਦਸਮ ਗੁਰੂ ਪਿਤਾ ਦੇ ਲਾਲ ਹਨ, ਉਹ ਸਿਰ ਦੇ ਕੇ ਸਿੱਖੀ ਸਿੱਦਕ ਦੀ ਰਾਖੀ ਕਰਨਗੇ।

ਮੁਗਲ ਹਕੂਮਤ ਦੇ ਸਿਪਾਹੀ ਪਹਿਲੀ ਵਾਰ 24 ਦਸੰਬਰ ਦੇ ਦਿਨ ਠੰਢੇ ਬੁਰਜ ’ਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ। ਸਾਹਿਬਜ਼ਾਦਿਆਂ ਨੂੰ ਨਵਾਬ ਵਜੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਬਹਾਦਰ ਪਿਤਾ ਦੇ ਬਹਾਦਰ ਸ਼ੇਰ ਪੁੱਤਰਾਂ ਨੇ ਕਚਿਹਰੀ ਵਿੱਚ ਵਜੀਰ ਖਾਂ ਦੇ ਸਾਹਮਣੇ ਖੜ੍ਹ ਕੇ ਪੂਰੇ ਜੋਸ਼ ਨਾਲ ਫਤਹਿ ਬੁਲਾਈ। ਨਿੱਕੇ-ਨਿੱਕੇ ਬੱਚਿਆਂ ਦਾ ਜੋਸ਼ ਦੇਖ ਸੂਬਾ ਸਰਹਿੰਦ ਕੰਬ ਗਿਆ। ਉਸ ਨੇ ਸਾਹਿਬਜ਼ਾਦਿਆਂ ਦਾ ਧਰਮ ਬਦਲਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਲਾਲਚ ਅਤੇ ਸਬਜ਼ਬਾਗ ਵੀ ਵਿਖਾਏ ਗਏ ਤਾਂ ਕਿ ਉਹ ਆਪਣੇ ਪਿਤਾ ਅਤੇ ਦਾਦੇ ਵਾਲਾ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰ ਲੈਣ। ਇਸੇ ਵਾਰਤਾਲਾਪ ਦੌਰਾਨ ਡਰਾਇਆ ਧਮਕਾਇਆ ਵੀ ਗਿਆ। ਇਸ ਬਾਰੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ:

ਸਾਹਿਬਜ਼ਾਦਿਓ ਪਿਤਾ ਤੁਹਾਰਾ। 

ਗਢ ਚਮਕੌਰ ਘੇਰ ਗਹਿ ਮਾਰਾ।

ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ। 

ਸੰਗੀ ਸਿੰਘ ਸਕਲ ਸੋ ਮਾਰੇ। (ਸੂਰਜ ਪ੍ਰਕਾਸ਼)

ਸੂਬਾ ਸਰਹਿੰਦ ਦੇ ਡਰਾਵੇ ਸੁਣ ਕੇ ਨਿਡਰ ਤੇ ਨਿਰਭੈ ਸਾਹਿਬਜ਼ਾਦਿਆਂ ਨੇ ਉਸ ਨੂੰ ਮੋੜਵਾਂ ਜਵਾਬ ਦਿੱਤਾ:

ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ। 

ਜਗ ਮਹਿੰ ਕੌਨ ਸਕੇ ਤਿੰਹ ਮਾਰਾ।

ਜਿਮ ਆਕਾਸ਼ ਕੋ ਕਿਆ ਕੋਈ ਮਾਰਹਿ। 

ਕੌਨ ਅੰਧੇਰੀ ਕੋ ਨਿਰਵਾਰਹਿ। (ਸੂਰਜ ਪ੍ਰਕਾਸ਼)

ਮੋੜਵੇਂ ਜਵਾਬ ਸੁਣ ਕੇ ਸੂਬਾ ਸਰਹਿੰਦ ਨੇ ਕਚਿਹਰੀ ਬਰਖਾਸਤ ਕਰ ਕੇ ਅਗਲੇ ਦਿਨ ਫਿਰ ਪੇਸ਼ ਕਰਨ ਲਈ ਕਿਹਾ ਅਤੇ ਸਾਹਿਬਜ਼ਾਦਿਆਂ ਨੂੰ ਫਿਰ ਸਜ਼ਾ ਵਜੋਂ ਠੰਢੇ ਬੁਰਜ ’ਚ ਦਾਦੀ ਕੋਲ ਰੱਖਣ ਦਾ ਹੁਕਮ ਦਿੱਤਾ ਗਿਆ।

ਅਗਲੇ ਦਿਨ 25 ਦਸੰਬਰ 1704 ਨੂੰ ਫਿਰ ਦੋਵੇਂ ਸਾਹਿਬਜ਼ਾਦੇ ਫ਼ਤਹਿ ਬੁਲਾਉਂਦੇ ਹੋਏ ਚੜ੍ਹਦੀ ਕਲਾ ਵਿੱਚ ਸੂਬਾ ਸਰਹਿੰਦ ਦੀ ਕਚਿਹਰੀ ਵਿੱਚ ਪੇਸ਼ ਹੋਏ। ਫਿਰ ਅਨੇਕਾਂ ਲਾਲਚ ਦਿੱਤੇ ਗਏ, ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਸਾਹਿਬਜ਼ਾਦਿਆਂ ਦੇ ਨਾ ਮੰਨਣ ’ਤੇ ਹਾਜ਼ਰ ਕਾਜ਼ੀ ਨੂੰ ਫਤਵਾ ਸੁਣਾਉਣ ਦਾ ਹੁਕਮ ਦਿੱਤਾ ਗਿਆ। ਇਸਲਾਮ ਦੀ ਮਰਿਯਾਦਾ ਅਨੁਸਾਰ ਕਾਜ਼ੀ ਨੇ ਕਿਹਾ, ‘‘ਬੱਚਿਆਂ ਅਤੇ ਬਜ਼ੁਰਗਾਂ ’ਤੇ ਕੋਈ ਫਤਵਾ ਨਹੀ ਲਗਾਇਆ ਜਾ ਸਕਦਾ।’’ ਗੁਰੂ ਦੇ ਲਾਲਾਂ ਨੇ ਕਿਹਾ, ‘‘ਅਸੀਂ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਪੁੱਤਰ ਹਾਂ, ਸਾਨੂੰ ਆਪਣਾ ਧਰਮ ਅਤੇ ਸਿੱਖੀ ਸਿੱਦਕ ਜਾਨ ਤੋਂ ਵੱਧ ਪਿਆਰਾ ਹੈ। ਅਸੀਂ ਕਿਸੇ ਤੋਂ ਵੀ ਡਰਦੇ ਨਹੀ ਅਤੇ ਨਾ ਹੀ ਅਸੀਂ ਇਸਲਾਮ ਕਬੂਲ ਕਰਾਂਗੇ।’’ ਇਸ ਮਗਰੋਂ  ਪੇਸ਼ੀ ਅਗਲੇ ਦਿਨ ਦੀ ਪਾ ਦਿੱਤੀ ਗਈ।

26 ਅਤੇ 27 ਦਸੰੰਬਰ ਨੂੰ ਮੁੜ ਪੇਸ਼ੀ ਲਈ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਦਾਦੀ ਮਾਂ ਨੇ ਪੋਤਰਿਆਂ ਨੂੰ ਲਾਡਾਂ ਨਾਲ ਤਿਆਰ ਕੀਤਾ। ਇਨ੍ਹਾਂ ਅਹਿਮ ਪਲਾਂ ਨੂੰ ਕਵੀ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਆਪਣੇ ਸ਼ਬਦਾਂ ਵਿੱਚ ਇੰਝ ਬਿਆਨ ਕੀਤਾ ਹੈ:

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।

ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।

ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ।

ਕਚਿਹਰੀ ਵਿੱਚ ਪੇਸ਼ ਕਰਨ ਸਮੇਂ ਫਿਰ ਉਹੀ ਲਾਲਚ ਅਤੇ ਡਰਾਵਿਆਂ ਦਾ ਦੌਰ ਚਲਾਇਆ ਗਿਆ। ਗੁਰੂ ਜੀ ਦੇ ਲਾਡਲੇ ਫਿਰ ਆਪਣੇ ਇਰਾਦਿਆਂ ’ਤੇ ਦ੍ਰਿੜ ਰਹੇ। ਕਚਿਹਰੀ ਵਿੱਚ ਸਾਰੇ ਵਜ਼ੀਰ, ਸਲਾਹਕਾਰ ਅਤੇ ਦੀਵਾਨ ਹਾਜ਼ਰ ਸਨ। ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। ਇਸ ਦੌਰਾਨ ਵਜੀਰ ਖਾਨ ਨੇ ਉਸ ਨੂੰ ਉਕਸਾਉਂਦਿਆਂ ਕਿਹਾ ਕਿ ਇਨ੍ਹਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਕਤਲ ਕਰ ਦਿੱਤਾ ਹੈ, ਤੇਰੇ ਲਈ ਹੁਣ ਉਸ ਦਾ ਬਦਲਾ ਲੈਣ ਦਾ ਢੁੱਕਵਾਂ ਮੌਕਾ ਹੈ ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ‘ਹਾਅ ਦਾ ਨਾਅਰਾ’ ਮਾਰਦਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।

ਮਹਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।

ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਫਿਰ ਭੜਕਾਉਂਦਿਆਂ ਕਿਹਾ, ‘‘ਇਹ ਸੱਪ ਦੇ ਬੱਚੇ ਸਪੋਲੀਏ ਹਨ, ਇਨ੍ਹਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਣਾ ਚਾਹੀਦਾ ਹੈ।’’ ਦੀਵਾਨ ਸੁੱਚਾ ਨੰਦ ਅਤੇ ਸੂਬਾ ਸਰਹਿੰਦ ਨੇ ਜ਼ੋਰ ਦੇ ਕੇ ਕਾਜ਼ੀ ਪਾਸੋਂ ਫਤਵਾ ਜਾਰੀ ਕਰਵਾ ਦਿੱਤਾ ਕਿ ਇਹ ਬੱਚੇ ਭਵਿੱਖ ਵਿੱਚ ਬਗਾਵਤ ਕਰਨ ਲਈ ਤੁਲੇ ਹੋਏ ਹਨ, ਇਸ ਲਈ ਇਨ੍ਹਾਂ ਨੂੰ ਜਿਉਂਦਾ ਦੀਵਾਰ ਵਿੱਚ ਚਿਣ ਦਿੱਤਾ ਜਾਏ।

ਅੰਤਮ ਘੜੀਆਂ ਆ ਗਈਆਂ। ਲਾਲਚ ਅਤੇ ਡਰ ਦੀ ਗੱਲ ਫਿਰ ਸੁਣਾਈ ਗਈ। ਸਾਹਿਬਜ਼ਾਦੇ ਮੁੜ ਆਪਣੇ ਇਰਾਦੇ ’ਤੇ ਦ੍ਰਿੜ ਰਹੇ। ਸਾਹਿਬਜ਼ਾਦਿਆਂ ਨੂੰ ਜਿਉਂਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਹਾਲੇ ਕੰਧ ਦੀ ਚਿਣਾਈ ਛਾਤੀ ਅਤੇ ਮੋਢਿਆਂ ਤੱਕ ਹੀ ਪਹੁੰਚੀ ਸੀ ਕਿ ਇੱਟਾਂ ਦਾ ਸਾਰਾ ਢਾਂਚਾ ਡਿੱਗ ਪਿਆ। ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਜ਼ਮੀਨ ’ਤੇ ਪਏ ਸਨ। ਗਿਆਨੀ ਗਿਆਨ ਸਿੰਘ ਅਨੁਸਾਰ ਸਯਦ ਸ਼ਾਸ਼ਲ ਬੇਗ ਅਤੇ ਸਯਦ ਬਾਸ਼ਲ ਬੇਗ ਨਾਂ ਦੇ ਦੋ ਭਰਾ ਜਲਾਦਾਂ, ਜਿਨ੍ਹਾਂ ਨਾਲ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣ ਕੇ ਮੌਤ ਦੀ ਸਜ਼ਾ ਦੇਣ ਦੇ ਵਾਅਦੇ ਬਦਲੇ, ਉਨ੍ਹਾਂ ਦੀ ਕਿਸੇ ਹੋਰ ਮੁਕੱਦਮੇ ਵਿੱਚ ਚੱਲਦੀ ਸਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ, ਨੇ ਬੇਹੋਸ਼, ਸਹਿਕਦੇ ਅਤੇ ਤੜਫ਼ਦੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਕ੍ਰਿਤ ਭਾਈ ਕੇਸਰ ਸਿੰਘ ਛਿੱਬਰ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਅਨੁਸਾਰ ਸ਼ਾਸ਼ਲ ਬੇਗ ਦੇ ਖੰਡੇ ਨਾਲ ਜਿਬਹ ਕਰਨ ਪਿੱਛੋਂ ਪਹਿਲਾਂ ਬਾਬਾ ਜ਼ੋਰਾਵਰ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਅਤੇ ਫਿਰ ਬਾਬਾ ਫ਼ਤਹਿ ਸਿੰਘ ਵੀ ਪ੍ਰਾਣ ਤਿਆਗ ਗਏ।

ਸਾਸ਼ਲ ਬੇਗ ਅਰ ਬਾਸ਼ਲ ਬੇਗ। 

ਉਭੈ ਜਲਾਦਨ ਖਿਚ ਕੈ ਤੇਗ।

ਤਿਸਹੀ ਠੋਰ ਖਰਿਓ ਕੇ ਸੀਸ।

ਤੁਰਤ ਉਤਾਰੇ ਦੁਸਟੈ ਰੀਸ।

(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)

ਹੁਤੋ ਉਹਾਂ ਥੋ ਛੁਰਾ ਇੱਕ ਵਾਰੋ,

ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ,

ਤੜਫ ਤੜਫ ਗਈ ਜਿੰਦ ਉਡਾਇ,

ਇਮ ਸ਼ੀਰ ਖੋਰ ਦੁਇ ਦਏ ਕਤਲਾਇ। 

(ਭਾਈ ਰਤਨ ਸਿੰਘ ਭੰਗੂ)

ਸ਼ਹਾਦਤ ਸਮੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ 8 ਸਾਲ 40 ਦਿਨ ਸੀ ਅਤੇ ਬਾਬਾ ਫ਼ਤਹਿ ਸਿੰਘ ਦੀ ਉਮਰ 5 ਸਾਲ 9 ਮਹੀਨੇ 29 ਦਿਨਾਂ ਦੀ ਸੀ। ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖ਼ਬਰ ਦਾਦੀ ਮਾਤਾ ਪਾਸ ਪਹੁੰਚੀ। ਅਕਾਲ ਪੁਰਖ਼ ਨੂੰ ਯਾਦ ਕਰਦਿਆਂ ਉਹ ਅਟਲ ਸਮਾਧੀ ਵਿੱਚ ਲੀਨ ਹੋ ਗਏ ਅਤੇ ਜੋਤੀ ਜੋਤ ਸਮਾ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੂਬਾ ਸਰਹਿੰਦ ਵੱਲੋਂ ਰੱਖੀ ਸ਼ਰਤ ਅਨੁਸਾਰ ਸੋਨੇ ਦੀਆਂ ਮੋਹਰਾਂ ਖੜਵੇਂ ਰੁੱਖ ਵਿੱਚ ਰੱਖ ਕੇ ਸਸਕਾਰ ਜ਼ਮੀਨ ਖਰੀਦੀ, ਜੋ ਦੁਨੀਆਂ ਦੀ ਸਭ ਤੋਂ ਮਹਿੰਗੀ ਜਗੀਰ ਵਜੋਂ ਭਵਿੱਖ ਵਿੱਚ ਅਮਰ ਰਹੇਗੀ। 27 ਦਸੰਬਰ 1704 ਨੂੰ ਇਨ੍ਹਾਂ ਤਿੰਨਾਂ ਰੂਹਾਂ ਦਾ ਸਸਕਾਰ ਕੀਤਾ ਗਿਆ। ਇਸੇ ਪਾਵਨ ਅਸਥਾਨ ’ਤੇ ਅੱਜ-ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।

You must be logged in to post a comment Login