ਵੈਨਕੁਵਰ : ਪੂਰੇ ਦੇਸ਼ ਵਿਚ ਕਈ ਸਿੱਖ ਅਜਿਹੇ ਹਨ ਜੋ ਕਈ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਭੋਜਨ ਖਵਾ ਕੇ ਉਹਨਾਂ ਦਾ ਢਿੱਡ ਭਰਦੇ ਹਨ। ਅਜਿਹਾ ਹੀ ਇਕ ਨੇਕ ਕੰਮ ਸਿੱਖ ਜੋੜੇ ਨੇ ਕੀਤਾ ਹੈ। ਏਂਜਲਸ ‘ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ ਜੋ ਸ਼ਹਿਰ ਦੇ ਬੇਘਰ ਲੋਕਾਂ ਨੂੰ ਭੋਜਨ ਖੁਆਉਣ ਲਈ ਰੋਜ਼ਾਨਾ 200 ਬੂਰੀਟੋਸ (ਇਕ ਤਰ੍ਹਾਂ ਦਾ ਮੈਕਸੀਕਨ ਭੋਜਨ) ਵੰਡਦਾ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੋੜਵੰਦਾਂ ਤੇ ਭੁੱਖਿਆਂ ਦਾ ਢਿੱਡ ਭਰਨ ਵਾਲੀ ਸੰਸਥਾ ‘ਗੁਰੂ ਨਾਨਕ ਫਰੀ ਕਿਚਨ’ ਨੂੰ ‘ਬੈਸਟ ਕਮਿਊਨਿਟੀ ਇੰਪੈਕਟ’ ਵਰਗਾ ਵਿਸ਼ੇਸ਼ ਸਨਮਾਨ ਮਿਲੇਗਾ। ਬ੍ਰਿਟਿਸ਼ ਕੋਲੰਬੀਆ ਵਿਚ ਹਰ ਸਾਲ ‘ਸਮਾਲ ਬਿਜ਼ਨਸ਼ ਬੀਸੀ ਐਵਾਰਡ’ ਸਮਾਗਮ ਕਰਵਾਇਆ ਜਾਂਦਾ ਹੈ ਤੇ ਇਸ ਸਾਲ 21 ਫਰਵਰੀ ਨੂੰ ਵੈਨਕੁਵਰ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾਣ ਵਾਲੇ 17ਵੇਂ ਸਾਲਾਨਾ ਪ੍ਰੋਗਰਾਮ ਲਈ ‘ਗੁਰੂ ਨਾਨਕ ਫਰੀ ਕਿਚਨ’ ਦੀ ਚੋਣ ਕੀਤੀ ਗਈ ਹੈ, ਜਿਸ ਨੂੰ ‘ਬੈਸਟ ਕਮਿਊਨਿਟੀ ਇੰਪੈਕਟ’ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਸਮਾਗਮ ਪੂਰੇ ਸੂਬੇ ਦੇ ਪ੍ਰਮੁੱਖ ਕਾਰੋਬਾਰਾਂ ਦਾ ਪ੍ਰਦਰਸ਼ਨ ਕਰਦਾ ਹੈ, ਜੋ ਸਥਾਨਕ ਅਤੇ ਵਿਸ਼ਵ ਪੱਧਰ ‘ਤੇ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ। ਇਸ 17ਵੇਂ ਸਾਲਾਨਾ ਸਮਾਗਮ ਵਿਚ ਬ੍ਰਿਟਿਸ਼ ਕੋਲੰਬੀਆ ਦੇ ਚੋਟੀ ਦੇ ਕਾਰੋਬਾਰੀ, ਉਦਯੋਗਪਤੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਣਗੇ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ ਅੱਠ ਪ੍ਰਕਾਰ ਦੇ ਐਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨਾਂ ਵਿੱਚ ਬੈਸਟ ਕੰਪਨੀ, ਬੈਸਟ ਕਮਿਊਨਿਟੀ ਇੰਪੈਕਟ, ਬੈਸਟ ਐਂਪਲਾਇਰ, ਬੈਸਟ ਇੰਮੀਗ੍ਰੈਂਟ ਇੰਟਰਪ੍ਰੀਨਿਓਰ,ਬੈਸਟ ਯੂਥ ਇੰਟਰਪ੍ਰੀਨਿਓਰ, ਬੈਸਟ ਇਨੋਵੇਸ਼ਨ, ਬੈਸਟ ਮਾਰਕਿਟਰ ਅਤੇ ਪ੍ਰੀਮੀਅਰਜ਼ ਪੀਪਲਜ਼ ਚੁਆਇਜ਼ ਐਵਾਰਡ ਸ਼ਾਮਲ ਹਨ। ਇਨਾਂ ਵਿੱਚੋਂ ‘ਬੈਸਟ ਕਮਿਊਨਿਟੀ ਇੰਪੈਕਟ’ ਐਵਾਰਡ ‘ਗੁਰੂ ਨਾਨਕ ਫਰੀ ਕਿਚਨ’ ਨੂੰ ਦਿੱਤਾ ਜਾਵੇਗਾ, ਜੋ ਕਿ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ ‘ਤੇ ਜਾਣ ਦੇ ਲੋੜਵੰਦ ਲੋਕਾਂ ਨੂੰ ਖਾਣਾ ਪਰੋਸ ਕੇ ਉਨਾਂ ਦਾ ਢਿੱਡ ਭਰਦੀ ਹੈ। ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੇ ਹਰ ਇੱਕ ਲੋੜਵੰਦ ਨੂੰ ਖਾਣਾ ਖੁਆਉਂਦੀ ਹੈ।

You must be logged in to post a comment Login