ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ

ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ

ਮੋਗਾ, 28 ਜੁਲਾਈ- ਮੋਗਾ ’ਚ ਤਕਰੀਬਨ 12 ਦਿਨ ਪਹਿਲਾਂ ਬਜ਼ੁਰਗ ਦੀ ਘਰ ਅੰਦਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਮੋਗਾ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਗੋਪੀ ਡੱਲੇਵਾਲੀਆ ਗਰੋਹ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਅਪਰਾਧ ਵਿੱਚ ਵਰਤੀ ਕਾਰ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਅਤੇ ਏਆਈਜੀ, ਏਜੀਟੀਐੱਫ. ਸੰਦੀਪ ਗੋਇਲ ਦੀ ਅਗਵਾਈ ਹੇਠ ਟੀਮ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਉਰਫ ਨਿੰਮਾ, ਅਪਰੈਲ ਸਿੰਘ ਉਰਫ ਸ਼ੇਰਾ ਅਤੇ ਜਸਕਰਨ ਸਿੰਘ ਉਰਫ ਕਰਨ ਵਜੋਂ ਹੋਈ ਹੈ। ਮੁਲਜ਼ਮ ਤਿੰਨੇ ਸ਼ੂਟਰ ਹਨ ਅਤੇ ਨਾਮੀ ਗੈਂਗਸਟਰ ਗੋਪੀ ਡੱਲੇਵਾਲੀਆ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ । ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਤੇ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਕਤਲ ਦੇ ਮਾਸਟਰਮਾਈਂਡ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਭਗੌੜਾ ਹੈ ਅਤੇ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅਸਲਾ ਐਕਟ ਆਦਿ ਸੰਗੀਨ ਜੁਰਮ ਤਹਿਤ ਵੱਖ ਵੱਖ ਥਾਵਾਂ ਉੱਤੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮਾਂ ਦੇ ਕਬਜੇ ਵਿਚੋਂ 10 ਕਾਰਤੂਸਾਂ ਸਮੇਤ ਤਿੰਨ .32 ਕੈਲੀਬਰ ਪਿਸਤੌਲ ਅਤੇ ਅਪਰਾਧ ਵਿੱਚ ਵਰਤੀ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਜੇ.ਐਲਨਚੇਜ਼ੀਅਨ ਨੇ ਕਿਹਾ ਕਿ 16 ਜੁਲਾਈ 2023 ਨੂੰ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੰਤੋਖ ਸਿੰਘ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੰਤੋਖ ਸਿੰਘ ਦਾ ਪੁੱਤਰ ਸੁਖਦੇਵ ਸਿੰਘ ਉਰਫ਼ ਸੇਬੂ ਫ਼ਰੀਦਕੋਟ ਜੇਲ੍ਹ ਵਿਚ ਬੰਦ ਹੈ। ਸੇਬੂ ਦੀ ਫ਼ਰੀਦਕੋਟ ਜੇਲ੍ਹ ਵਿਚ ਬੰਦ ਲੁਧਿਆਣਾ ਨਿਵਾਸੀ ਗੈਂਗਸਟਰ ਗੌਰਵ ਗੁਪਤਾ ਉਰਫ਼ ਗੋਰੂ ਬੱਚਾ ਨਾਲ ਲੜਾਈ ਹੋਈ ਸੀ। ਇਸ ਝਗੜੇ ਦੀ ਰੰਜਿਸ਼ ਤਹਿਤ ਹੀ ਬਜ਼ੁਰਗ ਦੀ ਹੱਤਿਆ ਕਰਵਾਈ ਗਈ ਹੈ। ਇਸ ਮੌਕੇ ਐੱਸਪੀ ਅਜੈਰਾਜ ਸਿੰਘ, ਥਾਣਾ ਸਿਟੀ ਮੁਖੀ ਦਲਜੀਤ ਸਿੰਘ, ਜਾਂਚ ਅਧਿਕਾਰੀ ਫ਼ੋਕਲ ਪੁਆਇੰਟ ਚੌਕੀ ਇੰਚਾਰਜ ਏਐੱਸਆਈ ਮੋਹਕਮ ਸਿੰਘ ਤੇ ਏਜੀਟੀਐਫ ਅਧਿਕਾਰੀ ਮੌਜੂਦ ਸਨ।

You must be logged in to post a comment Login