ਗੋਲਡੀ ਦੇ ਜਲਦ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ

ਗੋਲਡੀ ਦੇ ਜਲਦ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ

ਸ੍ਰੀ ਮੁਕਤਸਰ ਸਾਹਿਬ, 12 ਨਵੰਬਰ- ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜੋ ਹਾਕਮ ਪਾਰਟੀ ‘ਆਪ’ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਚੁੱਕੇ ਹਨ, ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਗਿੱਦੜਬਾਹਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵਿਖਾਈ ਦਿੱਤੇ। ਰਾਜਾ ਵੜਿੰਗ ਦੇ ਨਾਲ ਗੋਲਡੀ ਨੇ ਪਿੰਡ ਦੌਲਾ ਵਿੱਚ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਗ਼ੌਰਤਲਬ ਹੈ ਕਿ ਸਾਬਕਾ ਵਿਧਾਇਕ ਗੋਲਡੀ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸਨ। ਉਸ ਦੌਰਾਨ ਗੋਲਡੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਕਾਫੀ ਕੁਝ ਬੋਲਿਆ ਸੀ। ਹਾਲ ਹੀ ਵਿੱਚ ਬਰਨਾਲਾ ਤੋਂ ਜ਼ਿਮਨੀ ਚੋਣ ਲਈ ਗੋਲਡੀ ‘ਆਪ’ ਦੀ ਟਿਕਟ ਦੇ ਦਾਅਵੇਦਾਰ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਆਮ ਆਦਮੀ ਪਾਰਟੀ ਛੱਡ ਦਿੱਤੀ। ਇਸ ਪਿੱਛੋਂ ਗੋਲਡੀ ਨੇ ਬਿਆਨ ਦਿੱਤਾ ਕਿ ਉਹ 2027 ‘ਚ ਕਾਂਗਰਸ ਦੀ ਤਰਫੋਂ ਧੂਰੀ ਤੋਂ ਚੋਣ ਲੜਨਗੇ। ਹਾਲਾਂਕਿ ਗੋਲਡੀ ਦੇ ਇਸ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਾਈ ਜੱਫੀ ਦਾ ਆਨੰਦ ਲੈਣਾ ਚਾਹੀਦਾ ਹੈ। ਕਾਂਗਰਸ ਵਿੱਚ ਉਸ ਲਈ ਕੋਈ ਥਾਂ ਨਹੀਂ ਹੈ।

You must be logged in to post a comment Login