‘ਘਰ ਦਾ ਭੇਤੀ ਲੰਕਾਂ ਢਾਏ’

‘ਘਰ ਦਾ ਭੇਤੀ ਲੰਕਾਂ ਢਾਏ’

ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ

ਵੈਸੇ ਤਾਂ ਪੰਜਾਬ ਵਿੱਚ ਸਾਰਾ ਸਾਲ ਹੀ ਤਿਉਹਾਰ ਚੱਲਦੇ ਰਹਿੰਦੇ ਹਨ। ਪਰ ਸਿਆਲਾਂ ਦੀ ਆਮਦ ਦੇ ਤਿਉਹਾਰਾਂ ਵਿੱਚ ਦੁਸਹਿਰਾ ਸਭ ਤੋਂ ਪਹਿਲਾ ਖਾਸ ਤਿਉਹਾਰ ਹੈ। ਇਹ ਨੌਂ ਨਵਰਾਤਰਿਆਂ ਤੋਂ ਬਾਅਦ ਹੁੰਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ‘ਵਿਜਯ ਦਸ਼ਮੀ‘ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ‘ਵਿਜਯ’ ਜਿਸ ਦਾ ਅਰਥ ਹੈ ਜਿੱਤ। ਦੁਸਹਿਰਾ ਦੇ ਇਤਿਹਾਸ ਬਾਰੇ ਸਾਰੇ ਪੰਜਾਬੀ ਭਲੀ-ਬਾਤ ਜਾਣਦੇ ਹਨ ਕਿ ਇਸ ਦਾ ਸਬੰਧ ਭਗਵਾਨ ਸ਼ੀ ਰਾਮ ਚੰਦਰ ਜੀ ਨਾਲ ਹੈ। ਵੇਸੈ ਇਹ ਵੀ ਜਿਕਰਯੋਗ ਗੱਲ ਹੈ ਕਿ ਰਾਵਣ ਵੀ ਇਕ ਸ਼ਕਤੀ ਸ਼ਾਲੀ ਰਾਜਾ ਸੀ। ਉਂਝ ਤਾਂ ਰਾਵਣ ਬਹੁਤ ਗਿਆਨੀ ਪੰਡਤ ਸੀ, ਪਰ ਮਨ ‘ਚ ਹੰਕਾਰ ਹੋਣ ਕਾਰਨ ਯੁੱਧ ਵਿਚ ਉਸਦੀ ਹਾਰ ਹੋਈ, ਹਾਰ ਦਾ ਕਾਰਨ ਉਸ ਦੇ ਭਰਾਂ ਵੱਲੋਂ ਧੋਖਾ ਕਰਨਾ ਹੈ ਇਹ ਦੁਨੀਆਂ ਲਈ ਇੱਕ ਸੇਧ ਦੇਣ ਵਾਲੀ ਗੱਲ ਵੀ ਹੈ ਕਿ ਆਪਣੇ ਵੀ ਕਈ ਵਾਰ ਦਗਾ ਕਮਾ ਜਾਦੇ ਹਨ ਇਸ ਲਈ ਕਿਸੇ ਤੇ ਵੀ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ ਹਾਰ ਦਾ ਕਾਰਨ ਬਣਦਾ ਹੈ ਤਾਂਹੀ ਕਿਹਾ ਜਾਦਾ ਹੈ ‘ਘਰ ਦਾ ਭੇਤੀ ਲੰਕਾਂ ਢਾਏ’। ਮੇਰਾ ਮਕਸਦ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਰਾਵਣ ਬਹੁੱਤ ਵੱਡਾ ਵਿਦਵਾਨ ਸੀ। ਉਸਦਾ ਕਸੂਰ ਇਹ ਸੀ ਕਿ ਉਸਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ। ਪੜ੍ਹਣ ਤੇ ਸੁਣਨ ਦੇ ਮੁਤਾਬਿਕ ਇਸ ਦਾ ਕਾਰਨ ਇਹ ਸੀ ਕਿ ਰਾਵਣ ਦੀ ਭੈਣ ਸਰੂਪਨਖ਼ਾ ਲਕਸ਼ਮਣ ਨੂੰ ਪਸੰਦ ਕਰਦੀ ਸੀ ਤੇ ਜਤੀ-ਸਤੀ ਹੋਣ ਕਰਕੇ ਲਕਸ਼ਮਣ ਨੇ ਗੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਡ ਦਿੱਤਾ ਸੀ। ਭੈਣ ਨਾਲ਼ ਹੋਈ ਇਸ ਬੇਇਨਸਾਫੀ ਦਾ ਬਦਲਾ ਲੈਣ ਲੈਈ ਰਾਵਣ ਨੇ ਸੀਤਾ ਹਰਣ ਕੀਤਾ। ਰਾਵਣ ਨੇ ਸੀਤਾ ਨੂੰ ਅਸ਼ੋਕ ਵਾਟਿਕਾ ‘ਚ ਰੱਖਿਆ, ਜਿੱਥੇ ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ। ਉਹ ਪੂਰੀ ਤਰ੍ਹਾਂ ਮਹਿਫੂਜ ਸੀ। ਇਹ ਵੀ ਜਿਕਰਯੋਗ ਗੱਲ ਹੈ ਕਿ ਰਾਵਣ ਨੇ ਸੀਤਾ ਦਾ ਹਰਨ ਕੀਤਾ ਸੀ ਪਰ ਉਸਦੇ ਚਰਿੱਤਰ ਉਪਰ ਕੋਈ ਦਾਗ਼ ਨਹੀਂ ਹੈ। ਪਰ ਜੁਰਮ ਕੋਈ ਵੀ ਹੋਵੇ ਉਸਦੀ ਸਜਾ ਤਾਂ ਜਰੂਰ ਮਿਲਣੀ ਚਾਹੀਦੀ ਹੈ। ਰਾਵਣ ਨੂੰ ਉਸ ਦੇ ਕੀਤੇ ਦੀ ਸਜਾ ਮਿਲੀ। ਅੱਜ ਕਈ ਸਦੀਆਂ ਬਾਅਦ ਵੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਕਹਿ ਦਿੱਤਾ ਜਾਦਾ ਹੈ।

ਜੇਕਰ ਅੱਜ ਦੇ ਰਾਵਣ ਵੱਲ ਵੇਖੀਏ ਜੋਂ ਸ਼ਰੇਆਮ ਤੁਰੇ ਫਿਰਦੇ ਹਨ। ਉਸ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ। ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਕੀ ਉਨ੍ਹਾਂ ਰਾਵਣਾ ਦੇ ਪੁਤਲੇ ਸਾੜਨ ਦੀ ਜਰੂਰਤ ਨਹੀਂ? ਉਹ ਤਾਂ ਅਪੀਲਾ ਕਰ ਕਰ ਕੇ ਆਪਣੇ ਕੀਤੇ ਜੁਰਮਾਂ ਨੂੰ ਠੰਡਾ ਕਰ ਦਿੰਦੇ ਹਨ ਤੇ ਜਿਸ ਦਿਨ ਉਨ੍ਹਾਂ ਦੇ ਜੁਰਮ ਲੋਕਾ ਦੇ ਮਨੋਂ ਵਿਸਰ ਜਾਦੇ ਹਨ, ਉਸ ਦਿਨ ਉਹ ਲੈ-ਦੇ ਕੇ ਚੁੱਪ-ਚਪੀਤੇ ਰਿਹਾਅ ਹੋ ਕੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਂ ਜਾਦੇ ਹਨ। ਆਮ ਹੀ ਲੋਕ ਥੋੜੇ ਚਿਰ ਬਾਅਦ ਕਿਸੇ ਦੇ ਕੀਤੇ ਜੁਰਮਾ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ। ਪਰ ਫਿਰ ਰਾਵਣ ਵਿਚਾਰਾ ਪਤਾ ਨਹੀਂ ਕਿਉਂ ਸਦੀਆਂ ਤੋਂ ਆਪਣੇ ਕੀਤੇ ਦੀ ਸਜਾ ਭੁਗਤ ਰਿਹਾ ਹੈ। ਅਸਲ ਵਿੱਚ ਅਸੀਂ ਅਜੇ ਤੱਕ ਆਪਣੇ ਅੰਦਰ ਬੈਠੇ ਰਾਵਣਾਂ ਨੂੰ ਨਹੀਂ ਜਲਾ ਸਕੇ। ਅੱਜ ਇਸ ਕਲਯੁਗ ਦੇ ਸਮੇਂ ਆਸੇ ਪਾਸੇ ਨਿਗ੍ਹਾ ਮਾਰ ਕੇ ਦੇਖਿਏ ਤਾਂ ਸਾਡਾ ਆਲਾ ਦੁਆਲਾ ਹੀ ਰਾਵਣਾਂ ਨਾਲ ਭਰਿਆ ਪਿਆ ਹੈ। ਅੱਜ ਤਾਂ ਰਾਵਣ ਹੀ ਹਰ ਪਾਸੇ ਪ੍ਰਧਾਨ ਹਨ। ਸ਼੍ਰੀ  ਗੁਰੂ ਨਾਨਕ ਦੇਵ ਸਾਹਿਬ ਨੇ ਵੀ ਆਉਣ ਵਾਲੇ ਸਮੇਂ ਵੱਲ ਨਿਗ੍ਹਾ ਮਾਰ ਕੇ ਕਿਹਾ ਸੀ ‘ਕੂੜ ਹੋਇਆ ਪ੍ਰਧਾਨ ਵੇ ਲਾਲੋ।’ ਉਨ੍ਹਾਂ ਦੀ ਕਹੀ ਅੱਜ ਸੱਚ ਹਈ ਜਾ ਰਹੀਂ ਹੈ।

ਅੱਜ ਦੁਸਹਿਰਾ ਮਨਾਉਣਾ ਸਾਡੇ ਲਈ ਧਾਰਮਿਕ ਪ੍ਰੰਮਪਰਾ ਨਾ ਹੋਂ ਕੇ ਸਿਰਫ ਮੇਲਾ ਵੇਖਣ ਵਾਲੀ ਪ੍ਰਵਿਰਤੀ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ। ਜਿਹੜਾ ਦੁਸਹਿਰਾ ਅਸੀਂ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਾਂ ਉਸ ਦੀ ਗੱਲ ਕਰੀਏ ਤਾਂ ਸਾਰੇ ਦੇਸ਼ ਵਿੱਚ ਦੁਸਹਿਰਾ ਕਿਸੇ ਨਾ ਕਿਸੇ ਰੂਪ ਵਿੱਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਤਰ ਵਿੱਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿਚ ਮੈਸੂਰ ਦਾ ਦੁਸਹਿਰਾ ਇਸ ਤੋਂ ਵਧ ਮਹੱਤਤਾ ਰੱਖਦਾ ਹੈ। ਮੈਸੂਰ ਵਿੱਚ ਦੁਸਹਿਰੇ ਨੂੰ ‘ਵਿਜਯ ਦਸ਼ਮੀ’ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਸਾਡੇ ਇਥੇ ਸ਼ਹਿਰਾਂ ਵਿੱਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਬਣਾ ਕੇ ਸਾੜੇ ਜਾਂਦੇ ਹਨ ਇਨ੍ਹਾਂ ਬੁੱਤਾਂ ‘ਤੇ ਤਕਰੀਬਨ ਅੱਸੀ ਹਜਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਖਰਚ ਆਉਂਦਾ ਹੈ। ਦੁਸਹਿਰਾ ਕਮੇਟੀਆਂ ਬੜੀ ਮਿਹਨਤ ਕਰਦੀਆਂ ਹਨ। ਦੁਸਹਿਰਾ ਕਮੇਟੀਆਂ ਆਪਣੇ ਆਪਣੇ ਸ਼ਹਿਰਾਂ ਦੇ ਮਾਲਕਾਂ ਡਿਪਟੀ ਕਮਿਸ਼ਨਰ ਸਾਹਿਬਾਨਾ ਨੂੰ, ਐਸ.ਡੀ.ਐਮ. ਸਾਹਿਬਾਨਾਂ ਨੂੰ, ਐਮ.ਐਲ.ਏ ਜਾਂ ਭਰੀਆਂ ਜੇਬਾ ਵਾਲੇ ਵਪਾਰੀਆਂ ਨੂੰ ਜਾਂ ਕਿਸੇ ਹੋਰ ਮੰਤਰੀਆਂ-ਸੰਤਰੀਆਂ ਜਿਸ ਕੋਲੋਂ ਚਾਰ ਸ਼ਿੱਲੜ ਮਿਲਣ ਦੀ ਆਸ ਹੋਵੇ, ਉਨ੍ਹਾਂ ਨੂੰ ਮੁੱਖ ਮਹਿਮਾਣ ਬਣ ਕੇ ਆਉਣ ਦਾ ਸੱਦਾ ਪੱਤਰ ਦਿੰਦਿਆਂ ਹਨ। ਮੁੱਖ ਮਹਿਮਾਣ ਦੇ ਆਉਣ ਸਾਰ ਮਿੰਟਾਂ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਸਾਰੇ ਖੁਸ਼ ਹੋ ਜਾਂਦੇ ਹਨ ਕਿ ਬਦੀ ਉੱਪਰ ਨੇਕੀ ਦੀ ਜਿੱਤ ਹੋ ਗਈ। ਬੁੱਤ ਸੜਣ ਉਪਰੰਤ ਲੋਂਕ ਖਿੱਡਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੀਆਂ ਅੱਧ ਸੜੀਆਂ ਲੱਕੜਾਂ ਚੁੱਕ ਕੇ ਘਰ ਲੈ ਜਾਂਦੇ ਹਨ ਉਹਨਾ ਦਾ ਮੰਨਣਾ ਹੈ ਕਿ ਇਨ੍ਹਾਂ ਲੱਕੜਾਂ ਨੂੰ ਘਰ ਵਿੱਚ ਰੱਖਣ ਨਾਲ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ, ਧੰਨ ਵਿਚ ਵਾਧਾ ਹੁੰੰਦਾ ਹੈ ਤੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ।

ਖੂਬਸੂਰਤ ਪਹਾੜਾਂ ਵਿਚ ਬਿਆਸ ਦਰਿਆ ਦੇ ਕਿਨਾਰੇ ਸਥਿਤ ਸੁੰਦਰ ਸ਼ਹਿਰ ਕੁੱਲੂ (ਹਿਮਾਚਲ ਪ੍ਰਦੇਸ਼) ਦਾ ਦੁਸਹਿਰਾ ਬੜਾ ਮਸ਼ਹੂਰ ਹੈ ਪਰ ਉਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਬੁੱਤ ਨਹੀਂ ਸਾੜੇ ਜਾਦੇ। ਉੱਥੇ ਦੁਸਹਿਰਾ ਹਫਤਾ ਭਰ ਮਨਾਇਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਥੇ ਦੁਸਹਿਰਾ ਦੇਖਣ ਲਈ ਪਹੁੰਚਦੇ ਹਨ। ਕੁੱਲੂ ਵਾਦੀ ਦੇ ਲੋਕ ਬਹੁੱਤ ਹੀ ਸੁੰਦਰ ਤਰੀਕੇ ਨਾਲ ਆਪਣੇ ਪਿੰਡ ਵਿਚ ਆਪਣੇ ਦੇਵੀ-ਦੇਵਤੇ ਦੀ ਪਾਲਕੀ ਤਿਆਰ ਕਰਦੇ ਹਨ। ਆਪਣੇ ਦੇਵੀ-ਦੇਵਤੇ ਦੀ ਮੂਰਤੀ ਪਾਲਕੀ ਵਿੱਚ ਰੱਖ ਕੇ ਉਸਨੂੰ ਮੋਢਿਆਂ ‘ਤੇ ਚੁੱਕ ਕੇ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਕੁੱਲੂ ਸ਼ਹਿਰ ਤੱਕ ਜਾਦੇ ਹਨ। ਸ਼ਰਧਾਲੂ ਨੱਚਦੇ ਟੱਪਦੇ ਹੋਏ ਬੈਂਡ ਵਾਜਿਆਂ ਸਮੇਤ ਕੁੱਲੂ ਦੇ ਬਾਜਾਰਾਂ ਵਿਚੋਂ ਦੀ ਗੁਜਰਦੇ ਹੋਏ ਰਘੁਨਾਥ ਜੀ ਦੇ ਮੰਦਰ ਵਿੱਚ ਪਹੁੰਚਦੇ ਹਨ ਅਤੇ ਪੂਜਾ ਅਚਰਨਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਰਾਜਾ ਤੋਂ ਤੇ ਵੱਖ-ਵੱਖ ਬਲੀਆਂ ਦੇ ਗਾਇਕ, ਕਲਾਕਾਰ ਇਸ ਮੇਲੇ ਵਿਚ ਸ਼ਾਮਲ ਹੋਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਕਈ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਦੀਆਂ ਹਨ ਜਿਥੇ ਵਾਜਬ ਰੇਟਾ ਤੇ ਵਸਤੂਆਂ ਮਿਲਦੀਆਂ ਹਨ। ਇਥੇ ਇੱਕ ਖਾਸੀਅਤ ਹੈ ਕਿ ਦੁਸਹਿਰੇ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਨਹੀਂ ਆਉਦਾ। ਇਹ ਸਾਰਾ ਨਜਾਰਾ ਵੇਖਣਯੋਗ ਹੁੰਦਾ ਹੈ।

ਸਮੁੱਚੇ ਦੇਸ਼ ਵਿੱਚ ਦੁਸਹਿਰੇ ਵਾਲੇ ਦਿਨ ਖਰੀਦਦਾਰੀ ਕਰਨੀ ਵਧੀਆ ਮੰਨੀ ਜਾਦੀ ਹੈ। ਇਸ ਦਿਨ ਸੋਨਾ, ਚਾਂਦੀ ਤੇ ਵਾਹਨਾਂ ਦੀ ਖਰੀਦਦਾਰੀ ਬਹੁੱਤ ਜਿਆਦਾ ਵਧੀਆਂ ਮੰਨੀ ਜਾਦੀ ਹੈ। ਬਹੁੱਤ ਲੋਕ ਇਸ ਦਿਨ ਨਵੇ ਕੰਮ ਦਾ ਆਰੰਭ ਕਰਨਾ ਸ਼ੁਭ ਮੰਨਦੇੇ ਹਨ। ਵਪਾਰੀ ਲੋਕ ਇਸ ਦਿਨ ਨਵੇਂ ਵਹੀ ਖਾਤੇ ਸ਼ੁਰੂ ਕਰਨਾ ਸ਼ੁਭ ਸਮਝਦੇ ਹਨ। ਦੁਸਹਿਰੇ ਦੇ ਮੇਲੇ ਤੋਂ ਵਾਪਸੀ ਤੇ ਲੋਕ ਜਲੇਬੀਆਂ, ਪਕੌੜੇ, ਪਟਾਕੇ, ਲੜੀਆਂ ਆਦਿ ਦੀ ਖਰੀਦੋ-ਫਰੋਖਤ ਕਰਦੇ ਹਨ। ਦੁਸਹਿਰੇ ਪਿਛੇ ਇਤਿਹਾਸਕ, ਰਾਜਨੀਤਿਕ ਤੇ ਸਮਾਜਿਕ ਕਾਰਣਾ ਦਾ ਅਧਿਐਨ ਕਰਨ ਦਾ ਆਮ ਆਦਮੀ ਜਰੂਰਤ ਨਹੀਂ ਸਮਝਦਾ। ਉਸ ਲਈ ਤਾਂ ਦੁਸਹਿਰਾ ਕੁੱਝ ਮਿੰਟਾਂ ਦਾ ਮਨੋਰੰਜਣ ਬਣ ਕੇ ਰਹਿ ਗਿਆ ਹੈ।

ਚਲੋ… ਦੁਸਹਿਰੇ ਦੇ ਬਹਾਨੇ ਆਪਸੀ ਭਾਈਚਾਰਕ ਸਾਂਝ ਤਾਂ ਪੈਦਾ ਹੁੰਦੀ ਹੈ। ਦੁਸਹਿਰਾ ਮਨਾਉਣਾ ਸਾਡੇ ਲਈ ਫੇਰ ਵੀ ਸਫਲ ਹੀ ਸਮਝਿਆ ਜਾ ਸਕਦਾ ਹੈ, ਜੇਕਰ ਦੁਸਹਿਰਾ ਅਸੀਂ ਆਪਸੀ ਪ੍ਰੇਮ, ਸਦਭਾਵਨਾ ਨਾਲ ਮਿਲ ਕੇ ਮਨਾਈਏ। ਸਮਾਜ ਵਿੱਚੋ ਨਫਰਤ, ਪਾਪ, ਜਬਰ-ਜੁਲਮ, ਹੰਕਾਰ ਦਾ ਖਾਤਮਾ ਕਰਨ ਅਤੇ ਸਰਬੱਤ ਦਾ ਭਲਾ ਕਰਨ ਦਾ ਯਤਨ ਕਰੀਏ।

-ਭਵਨਦੀਪ ਸਿੰਘ ਪੁਰਬਾ
ਵਟਸਐਪ: 9988-92-9988
ਈ-ਮੇਲ: bhawandeep@rediffmail.com
www.mehakwatandilive.com

You must be logged in to post a comment Login