ਘੱਗਰ ਤੇ ਸਤਲੁਜ ਨੇ ਹੁਣ ਵਜਾਈ ਖ਼ਤਰੇ ਦੀ ਘੰਟੀ

ਘੱਗਰ ਤੇ ਸਤਲੁਜ ਨੇ ਹੁਣ ਵਜਾਈ ਖ਼ਤਰੇ ਦੀ ਘੰਟੀ

ਚੰਡੀਗੜ੍ਹ, 2 ਸਤੰਬਰ: ਪੰਜਾਬ ’ਚ ਹੁਣ ਘੱਗਰ ਤੇ ਸਤਲੁਜ ਦਰਿਆ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ ਜਿਸ ਨਾਲ ਸੂਬੇ ਦੇ ਕਰੀਬ ਇੱਕ ਦਰਜਨ ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਆ ਗਏ ਹਨ। ਰਾਵੀ ਦਰਿਆ ਦਾ ਪਾਣੀ ਹਾਲੇ ਸ਼ੂਕ ਹੀ ਰਿਹਾ ਹੈ ਤਾਂ ਉਧਰ ਭਾਰੀ ਬਾਰਸ਼ ਕਾਰਨ ਘੱਗਰ ਵੀ ਨੱਕੋ-ਨੱਕ ਭਰ ਗਿਆ ਹੈ। ਘੱਗਰ ਦੇ ਆਸ-ਪਾਸ ਵਸਦੇ ਸੈਂਕੜੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਆਉਂਦੇ ਦਸ ਦਿਨਾਂ ’ਚ ਘੱਗਰ ਦਾ ਡਰਾਉਣਾ ਰੂਪ ਮੁੜ ਦਿਖ ਸਕਦਾ ਹੈ। ਬੀਬੀਐੱਮਬੀ ਦੀ ਅੱਜ ਹੋਈ ਐਮਰਜੈਂਸੀ ਮੀਟਿੰਗ ’ਚ ਸੂਬਾ ਸਰਕਾਰ ਨੇ ਉਸ ਨੂੰ ਭਾਖੜਾ ਡੈਮ ’ਚੋਂ ਸਤਲੁਜ ਦਰਿਆ ’ਚ ਹੋਰ ਪਾਣੀ ਛੱਡਣ ਤੋਂ ਰੋਕ ਦਿੱਤਾ ਅਤੇ ਪੌਂਗ ਡੈਮ ’ਚੋਂ ਬਿਆਸ ’ਚ ਘੱਟ ਪਾਣੀ ਛੱਡਣ ਲਈ ਰਜ਼ਾਮੰਦ ਕਰ ਲਿਆ ਹੈ। ਸਰਕਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸਕੂਲਾਂ ਤੋਂ ਇਲਾਵਾ ਹੁਣ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਬਹੁ-ਤਕਨੀਕੀ ਸੰਸਥਾਵਾਂ ਨੂੰ ਤਿੰਨ ਸਤੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।ਘੱਗਰ ’ਚ ਅੱਜ ਸਵੇਰੇ 45,343 ਕਿਊਸਕ ਪਾਣੀ ਆਉਣ ਨਾਲ ਮਾਲਵਾ ਖ਼ਿੱਤਾ ਸਹਿਮ ਗਿਆ ਹੈ। ਹਰਿਆਣਾ ’ਚੋਂ ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਵੀ ਘੱਗਰ ’ਚ ਸ਼ਾਮਲ ਹੋਣ ਕਰਕੇ ਖ਼ਤਰੇ ਦਾ ਖੇਤਰਫਲ ਵਧ ਗਿਆ ਹੈ। ਦੇਵੀਗੜ੍ਹ ਕੋਲ ਟਾਂਗਰੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲੀ ਗਈ ਹੈ। ਦੇਵੀਗੜ੍ਹ ਕੋਲ 40,257 ਕਿਊਸਕ ਪਾਣੀ ਚੱਲ ਰਿਹਾ ਹੈ।

You must be logged in to post a comment Login