ਘੱਗਰ ਦਰਿਆ ’ਚ ਪਾਣੀ ਦਾ ਪੱਧਰ ਚੜ੍ਹਨ ਮਗਰੋਂ ਘਟਿਆ

ਘੱਗਰ ਦਰਿਆ ’ਚ ਪਾਣੀ ਦਾ ਪੱਧਰ ਚੜ੍ਹਨ ਮਗਰੋਂ ਘਟਿਆ

ਬਨੂੜ, 29 ਜੂਨ : ਬਨੂੜ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਅੱਜ ਸਵੇਰੇ ਅਚਾਨਕ ਪਾਣੀ ਦਾ ਪੱਧਰ ਕਾਫੀ ਵਧ ਗਿਆ। ਦਰਿਆ ਕਿਨਾਰੇ ਵਸੇ ਪਿੰਡਾਂ ਦੇ ਵਸਨੀਕਾਂ ਦੇ ਦੱਸਣ ਅਨੁਸਾਰ ਸਵੇਰੇ 6:00 ਵਜੇ ਪਾਣੀ ਵਧਣਾ ਸ਼ੁਰੂ ਹੋਇਆ। ਗਿਆਰਾਂ ਵਜੇ ਤੱਕ ਪਾਣੀ ਲਗਾਤਾਰ ਵਧਦਾ ਰਿਹਾ ਤੇ 12: 00 ਵਜੇ ਪਾਣੀ ਘਟਣਾ ਸ਼ੁਰੂ ਹੋ ਗਿਆ। ਦਰਿਆ ਕਿਨਾਰੇ ਵਸੇ ਪਿੰਡ ਮਨੌਲੀ ਸੂਰਤ ਦੇ ਕਿਸਾਨਾਂ ਵੱਲੋਂ ਦਰਿਆ ਦੇ ਬੰਨ੍ਹ ਤੋਂ ਅੰਦਰ ਪਈਆਂ ਜ਼ਮੀਨਾਂ ਵਿਚ ਬੀਜੇ ਹੋਏ ਹਰੇ ਚਾਰੇ ਤੇ ਹੋਰ ਫਸਲਾਂ ਵਿੱਚ ਵੀ ਪਾਣੀ ਭਰ ਗਿਆ।ਸਿੰਜਾਈ ਵਿਭਾਗ ਦੇ ਅਮਲੇ ਨੇ ਘੱਗਰ ਵਿੱਚ ਪਾਣੀ ਵਧਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 6:00 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਵਹਿਣ ਸਾਡੇ ਤਿੰਨ ਫੁੱਟ ਉੱਚਾ ਸੀ ਜੋ ਕਿ 7242 ਕਿਊਸਕ ਬਣਦਾ ਹੈ। ਇਸ ਮਗਰੋਂ ਸਵੇਰ 7:00 ਵਜੇ ਵਧ ਕੇ ਛੇ ਫੁੱਟ ਨੂੰ ਪਹੁੰਚ ਗਿਆ ਜੋ ਕਿ 15764 ਕਿਊਸਕ ਬਣਦਾ ਹੈ। ਉਨ੍ਹਾਂ ਦੱਸਿਆ ਕਿ 8 ਵਜੇ ਪਾਣੀ ਦਾ ਪੱਧਰ ਹੋਰ ਵੱਧ ਕੇ ਸਾਢੇ ਫੁੱਟ ਨੂੰ ਪਹੁੰਚ ਗਿਆ। ਇਸੇ ਸਮਰੱਥਾ ਵਿੱਚ ਇਹ ਪਾਣੀ ਲਗਾਤਾਰ 11 ਵਜੇ ਤੱਕ ਵਹਿੰਦਾ ਰਿਹਾ। ਇਸ ਤੋਂ ਬਾਅਦ ਘੱਗਰ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਅਤੇ 12:00 ਵਜੇ ਪਾਣੀ ਦਾ ਪੱਧਰ ਘੱਟ ਕੇ ਤਿੰਨ ਫੁੱਟ ਰਹਿ ਗਿਆ ਸੀ, ਜੋ ਕਿ 6384 ਕਿਊਸਕ ਬਣਦਾ ਹੈ। ਆਮ ਦਿਨਾਂ ਵਿਚ ਘੱਗਰ ਵਿੱਚ ਪਾਣੀ ਦਾ ਵਹਿਣ ਇੱਕ ਤੋਂ ਡੇਢ ਫੁੱਟ ਤੱਕ ਰਹਿੰਦਾ ਹੈ। ਪਾਣੀ ਵਧਣ ਦਾ ਕਾਰਨ ਪਹਾੜੀ ਖੇਤਰ ਵਿੱਚ ਜ਼ਿਆਦਾ ਬਾਰਿਸ਼ ਹੋਣਾ ਦੱਸਿਆ ਜਾ ਰਿਹਾ ਹੈ।

You must be logged in to post a comment Login