ਮਾਨਸਾ – ਹੜ੍ਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਨੁਕਸਾਨ ਹੋ ਚੁੱਕਾ ਹੈ। ਜਿਥੇ ਲੋਕਾਂ ਦੇ ਘਰ ਢਹਿ-ਢੇਰੀ ਹੋਏ ਹਨ ਉਥੇ ਹੀ ਕਿਸਾਨਾਂ ਦੇ ਖ਼ੇਤ ਵੀ ਬੁਰੀ ਤਰ੍ਹਾਂ ਨੁਕਸਾਏ ਗਏ ਹਨ। ਜਾਣਕਾਰੀ ਮੁਤਾਬਕ ਮਾਨਸਾ ਜ਼ਿਲ੍ਹੇ ‘ਚ ਹੜ੍ਹ ਨੇ ਹਾਹਾਕਾਰ ਮਚਾ ਦਿੱਤੀ ਲੋਕਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਮਾਨਸਾ ‘ਚ ਪਿੰਡ ਵਾਲਿਆਂ ਨੇ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਚਾਂਦਪੁਰ ਬੰਨ੍ਹ ਲਗਾਇਆ ਸੀ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਜਿਸ ਕਾਰਨ ਇਸ ਖੇ਼ਤਰ ‘ਚ ਤਰਥੱਲੀ ਮੱਚ ਗਈ ਹੈ। ਹਾਲਾਂਕਿ ਲੋਕ ਪਿਛਲੇ ਕਈ ਦਿਨਾਂ ਤੋਂ ਇਸ ਬੰਨ੍ਹ ਨੂੰ ਸੁਰੱਖਿਅਤ ਰੱਖਣ ਦੇ ਯਤਨ ਕਰ ਰਹੇ ਸਨ ਜਿਸ ਤੋਂ ਬਾਅਦ ਨੇੜਲੇ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਇਸ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਜ਼ਾਰਾਂ ਕਿਲੇ ‘ਚ ਖੇਤ ਨੁਕਸਾਏ ਗਏ ਹਨ, ਜਿਸ ਕਾਰਨ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣਾ ਘਰ ਛੱਡਣਾ ਬਹੁਤ ਔਖਾ ਲੱਗ ਰਿਹਾ ਹੈ। ਲੋਕਾਂ ਨੂੰ ਉਮੀਦ ਨਹੀਂ ਹੈ ਕਿ ਜਦੋਂ ਉਹ ਆਪਣੇ ਘਰ ਵਾਪਸ ਆਉਣਗੇ ਤਾਂ ਇੱਥੇ ਉਨ੍ਹਾਂ ਨੂੰ ਘਰ ਪਹਿਲਾਂ ਦੀ ਤਰ੍ਹਾਂ ਮਿਲ ਸਕੇਗਾ ਜਾਂ ਨਹੀਂ। ਲੋਕਾਂ ‘ਚ ਹੜ੍ਹ ਨੂੰ ਲੈ ਕੇ ਡਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਦਾ ਸਾਮਾਨ ਤੇ ਪਸ਼ੂ ਰਿਸ਼ਤੇਦਾਰਾਂ ਕੋਲ ਲੈ ਕੇ ਜਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰ ਰਾਸ਼ਨ-ਪਾਣੀ ਦੇਣ ਲਈ ਸਮਾਜ ਸੇਵੀ ਸੰਸਥਾ ਯਤਨ ਕਰ ਰਹੀ ਹੈ ਪਰ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਢਿੱਲ ਦਿਖਾਈ ਦੇ ਰਹੀ ਹੈ।

You must be logged in to post a comment Login