ਚੋਣਾਂ ਕਾਰਨ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼: ਚੰਨੀ

ਚੋਣਾਂ ਕਾਰਨ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼: ਚੰਨੀ

ਅੰਮ੍ਰਿਤਸਰ:ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਅੱਜ ਸ਼ਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਮੰਦਭਾਗੀ ਘਟਨਾ ਦੇ ਮਾਮਲੇ ਦੀ ਸਰਕਾਰ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਏ। ਇਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਇਥੇ ਵਾਪਰੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਸਭ ਤੋਂ ਘਿਣਾਉਣੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਹਿਰਦੇ ਵੀ ਵਲੂੰਧਰੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਰਮ ਅਸਥਾਨਾਂ, ਗੁਰਦੁਆਰਿਆਂ, ਮੰਦਿਰਾਂ ਆਦਿ ਦੀ ਸੁਰੱਖਿਆ ਲਈ ਪੂਰੀ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁਝ ਸਮਾਜ ਵਿਰੋਧੀ ਤਾਕਤਾਂ ਆਪਣੇ ਨਾਪਾਕ ਮਨਸੂਬਿਆਂ ਤਹਿਤ ਅਜਿਹੀਆਂ ਕਾਰਵਾਈਆਂ ਕਰਵਾ ਸਕਦੀਆਂ ਹਨ ਜਿਨ੍ਹਾਂ ਨੂੰ ਨਾਕਾਮ ਕਰਨ ਲਈ ਚੌਕਸ ਹੋਣਾ ਜ਼ਰੂਰੀ ਹੈ। ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਮੌਜੂਦਾ ਸੰਵੇਦਨਸ਼ੀਲ ਸਥਿਤੀ ਵਿਚ ਸੰਜਮ ਰੱਖਣ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਹੋਰ ਸੁਰੱਖਿਆ ਬਲ ਸਮਾਜ ਵਿਰੋਧੀ ਤਾਕਤਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸੇ ਵੀ ਕੀਮਤ ’ਤੇ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

You must be logged in to post a comment Login