ਸਾਂਤੀਪੁਰ (ਪੱਛਮੀ ਬੰਗਾਲ), 1 ਫਰਵਰੀ- ਝਾਰਖੰਡ ਦੇ ਆਪਣੇ ਹਮਰੁਤਬਾ ਹੇਮੰਤ ਸੋਰੇਨ ਨੂੰ ਮਨੀ ਲਾਂਡਰਿੰਗ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਆਉਣ ਵਾਲੀਆਂ ਆਮ ਚੋਣਾਂ ਜਿੱਤਣ ਲਈ ਵਿਰੋਧੀ ਆਗੂਆਂ ਨੂੰ ਕੈਦ ਕਰ ਰਹੀ ਹੈ। ਨਾਦੀਆ ਜ਼ਿਲ੍ਹੇ ਦੇ ਸਾਂਤੀਪੁਰ ‘ਚ ਇਕ ਜਨਤਕ ਵੰਡ ਪ੍ਰੋਗਰਾਮ ‘ਚ ਬੋਲਦਿਆਂ ਬੈਨਰਜੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਵੀ ਸੁੱਟਿਆ ਗਿਆ ਤਾਂ ਉਹ ਇਸ ’ਚੋਂ ਬਾਹਰ ਆ ਜਾਵੇਗੀ। ਉਨ੍ਹਾਂ ਕਿਹਾ, ‘‘ਤੁਸੀਂ ਭਾਰਤ ਵਿੱਚ ਹਰ ਕਿਸੇ ਨੂੰ ਡਰਾ-ਧਮਕਾ ਸਕਦੇ ਹੋ ਅਤੇ ਜੇਲ੍ਹ ਵਿੱਚ ਸੁੱਟ ਸਕਦੇ ਹੋ… ਤੁਸੀਂ ਮੈਨੂੰ ਸਲਾਖਾਂ ਪਿੱਛੇ ਵੀ ਸੁੱਟ ਸਕਦੇ ਹੋ, ਪਰ ਮੈਂ ਜ਼ਰੂਰ ਬਾਹਰ ਆਵਾਂਗੀ। ਭਾਜਪਾ ਸਿਰਫ਼ ਚੋਣ ਜਿੱਤਣ ਲਈ ਸਾਰਿਆਂ ਨੂੰ ਜੇਲ੍ਹ ’ਚ ਸੁੱਟ ਰਹੀ ਹੈ।’’ ਈਡੀ ਵੱਲੋਂ ਸੋਰੇਨ ਨੂੰ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੱਤ ਘੰਟੇ ਰਿੜਕਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੈਨਰਜੀ ਨੇ ਕਿਹਾ, ‘‘ਅਸੀਂ (ਵਿਰੋਧੀ ਪਾਰਟੀਆਂ ਦੇ ਨੇਤਾ) ਸਾਰੇ ‘ਚੋਰ’ ਹਾਂ ਅਤੇ ਤੁਸੀਂ (ਭਾਜਪਾ) ਆਪਣੇ ਆਪ ਨੂੰ ‘ਸਾਧ’ ਕਹਿੰਦੇ ਹੋ। ਅੱਜ ਤੁਸੀਂ ਸੱਤਾ ਵਿੱਚ ਹੋ, ਇਸੇ ਲਈ ਕੇਂਦਰੀ ਏਜੰਸੀਆਂ ਨਾਲ ਘੁੰਮ ਰਹੇ ਹੋ.. ਕੱਲ੍ਹ ਕੀ ਹੋਵੇਗਾ? ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਦੋਸ਼ ਲਾਇਆ ਕਿ ਭਾਜਪਾ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਨੂੰ ਲਾਗੂ ਕਰਨ ਦੀ ਧਮਕੀ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਐਨਆਰਸੀ ਨੂੰ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੀ। ਭਾਜਪਾ ਦੀ ਚੋਣਾਂ ਤੋਂ ਪਹਿਲਾਂ ਐਨਆਰਸੀ ਲਾਗੂ ਕਰਨ ਦੀ ਯੋਜਨਾ ਹੈ ਅਤੇ ਉਹ ਸੀਏਏ ਬਾਰੇ ਝੂਠ ਬੋਲ ਰਹੇ ਹਨ। ਇਹ ਉਨ੍ਹਾਂ ਦੀ ਸਿਆਸੀ ਚਾਲ ਤੋਂ ਇਲਾਵਾ ਕੁਝ ਨਹੀਂ ਹੈ… ਉਹ ਸਿਰਫ਼ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਪਾਰਟੀ ਆਗੂ ਮਹੂਆ ਮੋਇਤਰਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਹ ਆਮ ਆਦਮੀ ਲਈ ਬੋਲ ਰਹੀ ਸੀ। ਬੈਨਰਜੀ ਨੇ ਉਨ੍ਹਾਂ (ਮੋਇਤਰਾ) ਨੂੰ ਆਮ ਚੋਣਾਂ ਲਈ ਉਮੀਦਵਾਰ ਬਣਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ, ‘‘‘ਮੈਨੂੰ ਯਕੀਨ ਹੈ ਕਿ ਮਹੂਆ ਫਿਰ ਤੋਂ ਜਿੱਤ ਪ੍ਰਾਪਤ ਕਰੇਗੀ।’’

You must be logged in to post a comment Login