ਚੰਡੀਗੜ੍ਹ, 19 ਨਵੰਬਰ : ਚੋਣ ਕਮਿਸ਼ਨ ਨੇ ਪੰਜਾਬ ਦੇ ਡੀ ਜੀ ਪੀ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ। ਮਾਮਲਾ ਤਰਨ ਤਾਰਨ ਦੀ ਉਪ ਚੋਣ ਦੇ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਦਰਜ ਨੌਂ ਪੁਲੀਸ ਕੇਸਾਂ ਨਾਲ ਸਬੰਧਤ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਡੀ ਜੀ ਪੀ ਤੋਂ ਚੋਣ ਪ੍ਰਚਾਰ ਦੌਰਾਨ ਦਰਜ ਕੇਸਾਂ ਬਾਰੇ ਸਮੀਖਿਆ ਰਿਪੋਰਟ ਮੰਗੀ ਸੀ ਜੋ ਪੁਲੀਸ ਨੇ 13 ਨਵੰਬਰ ਨੂੰ ਪੇਸ਼ ਕਰ ਦਿੱਤੀ ਸੀ। ਮੁੱਖ ਚੋਣ ਅਧਿਕਾਰੀ ਨੇ 13 ਨਵੰਬਰ ਨੂੰ ਅਗਲੇਰੀ ਕਾਰਵਾਈ ਲਈ ਸਮੀਖਿਆ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਸੀ। ਚੋਣ ਕਮਿਸ਼ਨ ਨੇ ਇਸ ਸਮੀਖਿਆ ਰਿਪੋਰਟ ਦੇ ਆਧਾਰ ’ਤੇ ਹੀ ਡੀ ਜੀ ਪੀ ਨੂੰ ਤਲਬ ਕੀਤਾ ਹੈ। ਏ ਡੀ ਜੀ ਪੀ ਰਾਮ ਸਿੰਘ ਨੇ ਤਰਨ ਤਾਰਨ, ਬਟਾਲਾ, ਮੋਗਾ ਅਤੇ ਅੰਮ੍ਰਿਤਸਰ ’ਚ ਉਪ ਚੋਣ ਦੇ ਪ੍ਰਚਾਰ ਦੌਰਾਨ ਦਰਜ ਪੁਲੀਸ ਕੇਸਾਂ ਦੀ ਸਮੀਖਿਆ ਕੀਤੀ ਸੀ। ਚੋਣ ਕਮਿਸ਼ਨ ਨੇ ਇਸ ਰਿਪੋਰਟ ਲਈ 36 ਘੰਟੇ ਦਾ ਸਮਾਂ ਦਿੱਤਾ ਸੀ ਪਰ ਬਾਅਦ ’ਚ ਪੰਜਾਬ ਪੁਲੀਸ ਨੇ ਕਮਿਸ਼ਨ ਤੋਂ ਇੱਕ ਦਿਨ ਦੀ ਮੋਹਲਤ ਲੈ ਲਈ ਸੀ। ਮੁੱਖ ਚੋਣ ਅਧਿਕਾਰੀ ਨੂੰ ਸੌਂਪੀ ਸਮੀਖਿਆ ਰਿਪੋਰਟ ਗੁਪਤ ਹੋਣ ਕਰਕੇ ਇਸ ਦੇ ਤੱਥ ਬਾਹਰ ਨਹੀਂ ਆ ਸਕੇ ਸਨ ਪਰ ਦਰਜ ਪੁਲੀਸ ਕੇਸਾਂ ’ਤੇ ਉਂਗਲ ਜ਼ਰੂਰ ਉਠਾਈ ਗਈ ਹੈ। ਤਰਨ ਤਾਰਨ ਦੀ ਉਪ ਚੋਣ ’ਚ ਤਾਇਨਾਤ ਚੋਣ ਅਬਜ਼ਰਵਰ ਸ਼ਾਇਨੀ ਦੀ ਰਿਪੋਰਟ ’ਤੇ ਆਧਾਰ ’ਤੇ ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਤਰਨ ਤਾਰਨ ਦੀ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਪੁਲੀਸ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰ ਰਹੀ ਹੈ।

You must be logged in to post a comment Login