ਚੋਣ ਬਾਂਡ ਦਾ ਪੈਸਾ ਸਰਕਾਰਾਂ ਡੇਗਣ ਲਈ ਵਰਤਿਆ: ਰਾਹੁਲ

ਚੋਣ ਬਾਂਡ ਦਾ ਪੈਸਾ ਸਰਕਾਰਾਂ ਡੇਗਣ ਲਈ ਵਰਤਿਆ: ਰਾਹੁਲ

ਨਵੀਂ ਦਿੱਲੀ, 17 ਮਾਰਚ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲੇ ਤੇਜ਼ ਕਰਦਿਆਂ ਚੋਣ ਬਾਂਡ ਯੋਜਨਾ ਨੂੰ ਸਰਕਾਰਾਂ ਡੇਗਣ ਤੇ ਸਿਆਸੀ ਪਾਰਟੀਆਂ ਤੋੜਨ ਲਈ ਇਸਤੇਮਾਲ ਕੀਤਾ ਗਿਆ ਜਬਰੀ ਵਸੂਲ ਗਰੋਹ ਕਰਾਰ ਦਿੱਤਾ। ਉਨ੍ਹਾਂ ‘ਭਾਰਤ ਜੋੜੋ ਯਾਤਰਾ’ ਦੇ ਮੁੰਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਠਾਣੇ ਵਿੱਚ ਜੰਭਾਲੀ ਨਾਕੇ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਸ੍ਰੀ ਗਾਂਧੀ ਨੇ ਦੋਸ਼ ਲਾਇਆ, ‘‘ਚੋਣ ਬਾਂਡ ਯੋਜਨਾ ਇਕ ਕੌਮਾਂਤਰੀ ਪੱਧਰ ਦਾ ਜਬਰੀ ਵਸੂਲੀ ਗਰੋਹ ਹੈ ਅਤੇ ਜਿਹੜੇ ਲੋਕ ਵਿਰੋਧ ਕਰਦੇ ਹਨ, ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਆਮਦਨ ਕਰ ਵਿਭਾਗ ਉਨ੍ਹਾਂ ਦੇ ਪਿੱਛੇ ਪੈ ਜਾਂਦੇ ਹਨ।’’ ਉਨ੍ਹਾਂ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਸ਼ਿਵ ਸੈਨਾ ਵਿੱਚ ਹੋਏ ਵਿਦਰੋਹ ਅਤੇ ਅਜੀਤ ਪਵਾਰ ਦੀ ਅਗਵਾਈ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ’ਚ ਹੋਈ ਬਗਾਵਤ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਮੁਫ਼ਤ ਵਿੱਚ ਭੱਜ ਗਏ ਹਨ।’’ ਉੱਧਰ, ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਚੋਣ ਬਾਂਡ ਘੁਟਾਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਆਜ਼ਾਦਾਨਾ ਤੌਰ ’ਤੇ ਜਾਂਚ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਆਜ਼ਾਦਾਨਾ ਤੌਰ ’ਤੇ ਜਾਂਚ ਹੋਣੀ ਜ਼ਰੂਰੀ ਹੈ। ਮੁੰਬਈ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਅੱਜ ਇੱਥੇ ਰਾਹੁਲ ਦੀ ਅਗਵਾਈ ਵਿੱਚ ਧਾਰਾਵੀ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਤੇ ਪਾਰਟੀ ਦੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ ਰਮੇਸ਼ ਚੈਨੀਥਲਾ ਖੁੱਲ੍ਹੀ ਜੀਪ ਵਿੱਚ ਗਾਂਧੀ ਭੈਣ-ਭਰਾ ਨਾਲ ਹਾਜ਼ਰ ਸਨ।

You must be logged in to post a comment Login