ਜਗਰਾਉਂ: ਪਤਨੀ, ਧੀ-ਪੁੱਤ ਤੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਵਾਲੇ ਨੇ ਖ਼ੁਦਕੁਸ਼ੀ ਕੀਤੀ

ਜਗਰਾਉਂ: ਪਤਨੀ, ਧੀ-ਪੁੱਤ ਤੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਵਾਲੇ ਨੇ ਖ਼ੁਦਕੁਸ਼ੀ ਕੀਤੀ

ਜਗਰਾਉਂ, 19 ਅਕਤੂਬਰ- ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਕਾਲੀ ਨਾਂ ਦੇ ਉਸ ਸ਼ਖਸ ਨੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਨੇ ਲੰਘੀ ਰਾਤ ਆਪਣੇ ਸਹੁਰੇ ਘਰ ਜਾ ਕੇ ਪਤਨੀ, ਧੀ-ਪੁੱਤ ਅਤੇ ਸੱਸ-ਸਹੁਰੇ ਨੂੰ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਸੀ। ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਦੇ ਪੁਲ ਨਾਲ ਲੱਗਦੇ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਨੇ ਸਤਲੁਜ ਦਰਿਆ ਦੇ ਕੰਢੇ ਹੀ ਪਾਪੂਲਰ ਦੇ ਦਰੱਖਤ ਨਾਲ ਬੀਤੀ ਰਾਤ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ। ਮੌਕੇ ‘ਤੇ ਦੋ ਥਾਣਿਆਂ ਦੀ ਪੁਲੀਸ ਪੁੱਜੀ। ਇਸ ‘ਚ ਥਾਣਾ ਸਿੱਧਵਾਂ ਬੇਟ ਅਤੇ ਥਾਣਾ ਮਹਿਤਪੁਰ ਦੇ ਪੁਲੀਸ ਮੁਲਾਜ਼ਮ ਸ਼ਾਮਲ ਸਨ। ਪੁਲੀਸ ਨੇ ਕਤਲ ਦੇ ਮਾਮਲੇ ‘ਚ ਨਾਮਜ਼ਦ ਕੀਤੇ ਕਾਲੀ ਦੀ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਬੀਟਲਾ ‘ਚ ਪੇਕੇ ਘਰ ਗਈ ਪਤਨੀ ਪਰਮਜੀਤ ਕੌਰ, ਧੀ ਅਰਸ਼ਦੀਪ ਕੌਰ, ਪੁੱਤ ਗੁਰਮੋਹਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਨੂੰ ਘਰ ‘ਚ ਹੀ ਪੈਟਰੋਲ ਛਿੜਕ ਕੇ ਮੁਲਜ਼ਮ ਨੇ ਅੱਗ ਲਾ ਦਿੱਤੀ ਸੀ ਅਤੇ ਖੁਦ ਬਾਹਰੋਂ ਦਰਵਾਜ਼ੇ ਦਾ ਕੁੰਡਾ ਲਾ ਕੇ ਫਰਾਰ ਹੋ ਗਿਆ ਸੀ। ਇਸ ਘਟਨਾ ‘ਚ ਪਰਿਵਾਰ ਦੇ ਪੰਜਾਂ ਜੀਆਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਕਾਲੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਇਹ ਭਾਲ ਹਾਲੇ ਜਾਰੀ ਸੀ ਕਿ ਅੱਜ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੇ ਫਾਹਾ ਲੈ ਲਿਆ ਹੈ। ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਅੱਜ ਸਵੇਰੇ 7.30 ਵਜੇ ਇਸ ਘਟਨਾ ਬਾਰੇ ਪਤਾ ਲੱਗਾ ਅਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਕੁਲਦੀਪ ਸਿੰਘ ਕਾਲੀ ਦੀ ਲਾਸ਼ ਆਪਣੇ ਕਬਜ਼ੇ ‘ਚ ਲੈ ਲਈ ਹੈ।

You must be logged in to post a comment Login