ਜਲਦ ਸਿੱਖ ਸੰਗਤ ਦੇ ਰੂ-ਬ-ਰੂ ਹੋਣਗੇ ਗਿਆਨੀ ਗੁਰਬਚਨ ਸਿੰਘ

ਜਲਦ ਸਿੱਖ ਸੰਗਤ ਦੇ ਰੂ-ਬ-ਰੂ ਹੋਣਗੇ ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ : ਵਿਧਾਨ ਸਭਾ ਵਿਚ ਬੇਅਦਬੀ ਦੀਆਂ ਘਟਨਾਵਾਂ ‘ਤੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਵਿਵਾਦਾਂ ‘ਚ ਹਨ। ਉਹ ਆਪਣੇ ਵਿਦੇਸ਼ ਦੌਰੇ ਤੋਂ ਦਿੱਲੀ ਪਰਤ ਆਏ ਹਨ ਅਤੇ ਜਲਦ ਹੀ ਸਿੱਖ ਸੰਗਤ ਦੇ ਰੂ-ਬ-ਰੂ ਹੋਣਗੇ। ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ‘ਤੇ ਆਮਦਨ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਗੰਭੀਰ ਦੋਸ਼ ਲਗਾਏ ਸਨ ਅਤੇ ਇਸ ਵਿਵਾਦ ਤੋਂ ਬਾਅਦ ਉਹ ਕਈ ਦਿਨਾਂ ਤੋਂ ਸੰਪਰਕ ਵਿਚ ਨਹੀਂ ਸਨ। ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗਿਆਂ ਮੁਆਫੀ ਦੇਣ ਦੇ ਮਾਮਲੇ ਕਾਰਨ ਵੀ ਵਿਵਾਦਾਂ ਵਿਚ ਸਨ। ਸੂਤਰਾਂ ਮੁਤਾਬਕ ਉਹ ਪਿਛਲੇ ਦਿਨੀਂ ਵਿਦੇਸ਼ ਦੌਰੇ ‘ਤੇ ਚਲੇ ਗਏ ਸਨ, ਜਿੱਥੋਂ ਹੁਣ ਉਹ ਪਰਤ ਆਏ ਹਨ ਅਤੇ ਇਸ ਵੇਲੇ ਦਿੱਲੀ ਵਿਚ ਹਨ। ਅੰਮ੍ਰਿਤਸਰ ਵਾਪਸੀ ਤੋਂ ਪਹਿਲਾਂ ਉਹ ਮੇਰਠ ਆਦਿ ਕੁਝ ਥਾਵਾਂ ‘ਤੇ ਸਮਾਗਮ ਵਿਚ ਸ਼ਾਮਲ ਹੋਣਗੇ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋ ਗਈ ਹੈ ਤਾਂ ਸਿੱਖ ਸੰਗਤ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੁਝ ਸੀਨੀਅਰ ਅਕਾਲੀ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਮੌਜੂਦਾ ਸੰਕਟ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।

You must be logged in to post a comment Login