ਜਲੰਧਰ ਸ਼ਹਿਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ!

ਜਲੰਧਰ ਸ਼ਹਿਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ!

ਜਲੰਧਰ– ਪਿਛਲੇ ਕੁਝ ਸਾਲਾਂ ਤੋਂ ਵਾਤਾਵਰਣ ਸੰਤੁਲਨ ਦੇ ਨਾਲ-ਨਾਲ ਪ੍ਰਦੂਸ਼ਣ ਪ੍ਰਤੀ ਵੀ ਲੋਕ ਚੌਕਸ ਹੋਏ ਹਨ ਪਰ ਅੱਜ ਜਲੰਧਰ ਸ਼ਹਿਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਕੇ ਰਹਿ ਗਿਆ ਹੈ ਅਤੇ ਲੋਕ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੇ। ਜ਼ਿਕਰਯੋਗ ਹੈ ਕਿ ਇਸ ਸਮੇਂ ਜਲੰਧਰ ਨਗਰ ਨਿਗਮ ਦੇ ਨਾਲ-ਨਾਲ ਸਮਾਰਟ ਸਿਟੀ ਕੰਪਨੀ ਨੇ ਵੀ ਆਪਣੇ ਕਈ ਪ੍ਰਾਜੈਕਟ ਇਕੱਠੇ ਸ਼ੁਰੂ ਕਰ ਦਿੱਤੇ ਹਨ। ਵੱਖ-ਵੱਖ ਪ੍ਰਾਜੈਕਟਾਂ ਲਈ ਦਰਜਨਾਂ ਸੜਕਾਂ ਨੂੰ ਪੁੱਟ ਕੇ ਉਨ੍ਹਾਂ ਦੇ ਹੇਠਾਂ ਵੱਡੀਆਂ-ਵੱਡੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਪੁਟਾਈ ਨਾਲ ਨਿਕਲੀ ਮਿੱਟੀ ਨੇ ਇਨ੍ਹੀਂ ਦਿਨੀਂ ਗਰਮੀਆਂ ਵਿਚ ਪਾਊਡਰ ਦਾ ਰੂਪ ਧਾਰਨ ਕਰ ਲਿਆ ਹੈ। ਇਹੀ ਮਿੱਟੀ ਹਵਾ ਵਿਚ ਉੱਡ ਕੇ ਸ਼ਹਿਰ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਜਿਸ ਨਾਲ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਨਿਗਮ ਅਤੇ ਸਮਾਰਟ ਸਿਟੀ ਦੇ ਅਧਿਕਾਰੀ ਇਸ ਦ੍ਰਿਸ਼ ਨੂੰ ਵੇਖ ਕੇ ਖ਼ੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ ਤਾਂ ਕਿ ਜਿੰਨੀ ਗਿਣਤੀ ਵਿਚ ਸੜਕਾਂ ਨੂੰ ਪੁੱਟ ਦਿੱਤਾ ਗਿਆ ਹੈ, ਓਨੀ ਗਿਣਤੀ ਵਿਚ ਹੁਣ ਸੜਕਾਂ ਨੂੰ ਬਣਾਉਣਾ ਕਾਫ਼ੀ ਮੁਸ਼ਕਲ ਭਰਿਆ ਕੰਮ ਹੈ। ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਆਪਣੀ ਲਾਪ੍ਰਵਾਹੀ ਅਤੇ ਨਾਲਾਇਕੀ ਨਾਲ ਜਲੰਧਰ ਨੂੰ ਸਭ ਤੋਂ ਪ੍ਰਦੂਸ਼ਿਤ ਬਣਾ ਤਾਂ ਦਿੱਤਾ ਹੈ ਪਰ ਹੁਣ ਸੜਕਾਂ ਤੋਂ ਉੱਡ ਰਹੀ ਮਿੱਟੀ ਲੋਕਾਂ ਵਿਚ ਟੀ. ਬੀ., ਦਮਾ ਅਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਨਾ ਸਿਰਫ ਡਾਕਟਰਾਂ ਕੋਲ ਪਹੁੰਚ ਰਹੇ ਹਨ, ਸਗੋਂ ਉੱਡਦੀ ਮਿੱਟੀ ਕਾਰਨ ਉਨ੍ਹਾਂ ਦੀਆਂ ਅੱਖਾਂ ਵਿਚ ਜਲਣ ਅਤੇ ਚਮੜੀ ਨਾਲ ਸਬੰਧਤ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ। ਕਿਸੇ ਵੀ ਮਹਿਕਮੇ ਦੇ ਅਧਿਕਾਰੀ ਨੂੰ ਸ਼ਹਿਰ ਦੀ ਇਸ ਦੁਰਦਸ਼ਾ ਦੀ ਕੋਈ ਫਿਕਰ ਤੱਕ ਨਹੀਂ ਹੈ।

You must be logged in to post a comment Login