ਜਲੰਧਰ ਸਿਟੀ ਇੰਸਟੀਚਿਊਟ ‘ਚ ਛਾਪਾ, ਵਿਦਿਆਰਥੀਆਂ ਤੋਂ ਮਿਲੇ ਖਤਰਨਾਕ ਹਥਿਆਰ

ਜਲੰਧਰ ਸਿਟੀ ਇੰਸਟੀਚਿਊਟ ‘ਚ ਛਾਪਾ, ਵਿਦਿਆਰਥੀਆਂ ਤੋਂ ਮਿਲੇ ਖਤਰਨਾਕ ਹਥਿਆਰ

ਜਲੰਧਰ – ਸ਼ਹਿਰ ਦੇ ਸਿਟੀ ਇੰਸਟੀਚਿਊਟ ‘ਚ ਬੀਤੀ ਰਾਤ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ, ਸੀ. ਆਈ. ਏ. ਸਟਾਫ ਅਤੇ ਜੇ. ਐਂਡ. ਕੇ. ਦੀ ਪੁਲਸ ਨੇ ਛਾਪੇਮਾਰੀ ਕਰਕੇ 3 ਵਿਦਿਆਰਥੀਆਂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿ੍ਰਫਤਾਰ ਕੀਤਾ ਜਦਕਿ ਇਕ ਵਿਅਕਤੀ ਨੂੰ ਬਿੱਠੂ ਬਸਤੀ ਤੋਂ ਹਿਰਾਸਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਚੌਥੇ ਵਿਅਕਤੀ ਦੇ ਕੋਲੋਂ ਇਕ ਕਿੱਲੋ ਆਰ. ਡੀ. ਐੱਕਸ. ਵਰਗੀ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਦਿਆਰਥੀ ਮੁਸਲਮਾਨ ਹਨ। ਵਿਦਿਆਰਥੀਆਂ ਕੋਲੋਂ ਏ. ਕੇ.-47, ਇਕ ਇਟੈਲੀਅਨ ਮੇਡ ਪਿਸਤੌਲ ਸਮੇਤ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿਉਹਾਰੀ ਸੀਜ਼ਨ ਹੋਣ ਕਰਕੇ ਇਹ ਦੋਸ਼ੀ ਜੋਤੀ ਚੌਕ ਵਰਗੇ ਚੌਰਾਹਿਆਂ ‘ਚ ਧਮਾਕੇ ਕਰਨ ਵਾਲੇ ਸਨ। ਆਰ. ਡੀ. ਐੱਕਸ. ਦੀ ਸਮਗਰੀ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਵਿਦਿਆਰਥੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸਿਟੀ ਕੈਂਪਸ ‘ਚ ਰੇਡ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਸ ਨੇ ਸੁਰੱਖਿਆ ਏਜੰਸੀਆਂ ਦੇ ਇਨਪੁਟ ‘ਤੇ ਜੰਮੂ-ਕਸ਼ਮੀਰ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਨਾਲ ਮਿਲ ਕੇ ਕਸ਼ਮੀਰ ਦੇ ਅੱਤਵਾਦੀ ਸੰਗਠਨ ਏ-ਕਿਊ ਅਤੇ ਅੰਸਾਰ-ਗਜ਼ਵਤ-ਉੱਲ-ਹਿੰਦ ਦੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜਾਹਿਦ ਗੁਲਜ਼ਾਰ ਵਾਸੀ ਜੰਮੂ ਕਸ਼ਮੀਰ ਦੇ ਅਵੰਤੀਪੁਰਾ ਦੇ ਰਾਜਪੁਰਾ, ਮੁਹੰਮਦ ਈਦਰੀਸ ਸ਼ਾਹ ਵਾਸੀ ਪੁਲਵਾਮਾ ਅਤੇ ਯੁਸੂਫ ਰਫੀਕ ਭੱਟ ਵਾਸੀ ਨੁਰਪੂਰਾ ਪੁਲਵਾਮਾ ਦੇ ਤੌਰ ‘ਤੇ ਹੋਈ ਹੈ। ਇਹ ਤਿੰਨੋਂ ਕੈਂਪਸ ‘ਚ ਬੀ-ਟੈੱਕ-2 ਸਮੈਸਟਰ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਦਾ ਮਕਸਦ ਪੰਜਾਬ ਅਤੇ ਜੰਮੂ-ਕਸ਼ਮੀਰ ‘ਚ ਭਾਰਤ-ਪਾਕਿ ਪੱਛਮੀ ਸਰਹੱਦ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨਾ ਸੀ। ਬਾਕੀ ਮਾਮਲੇ ਦੀ ਜਾਂਚ ਜਾਰੀ ਹੈ। ਡੀ. ਜੀ. ਪੀ. ਨੇ ਇਹ ਗ੍ਰਿਫਤਾਰੀ ਵੱਖ-ਵੱਖ ਜਾਣਕਾਰੀਆਂ ਦੇ ਆਧਾਰ ‘ਤੇ ਕੀਤੀ। ਅਜਿਹੀਆਂ ਸੂਚਨਾਵਾਂ ਸਨ ਕਿ ਕੁਝ ਅੱਤਵਾਦੀ ਸੰਗਠਨ ਜਾਂ ਵਿਅਕਤੀ ਜੰਮੂ-ਕਸ਼ਮੀਰ ਅਤੇ ਪੰਜਾਬ ‘ਚ ਮੌਜੂਦ ਹਨ ਅਤੇ ਉਹ ਅੱਤਵਾਦੀ ਗਤੀਵਿਧੀਆਂ ਕਰ ਰਹੇ ਹਨ। ਇਸ ਸਬੰਧ ‘ਚ ਜਲੰਧਰ ਦੇ ਸਦਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਸ, ਜੰਮੂ-ਕਸ਼ਮੀਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂਕਿ ਪੰਜਾਬ ਅਤੇ ਜੰਮੂ-ਕਸ਼ਮੀਰ ‘ਚ ਇਨ੍ਹਾਂ ਸੰਗਠਨਾਂ/ਵਿਅਕਤੀਆਂ ਦੇ ਨੈੱਟਵਰਕਰ ਦਾ ਪਰਦਾਫਾਸ਼ ਕੀਤਾ ਜਾ ਸਕੇ। ਸਿਟੀ ਇੰਸਟੀਚਿਊਟ ‘ਚੋਂ ਕਾਬੂ ਕੀਤੇ ਗਏ ਵਿਦਿਆਰਥੀਆਂ ਦੇ ਕੋਲੋਂ ਮਿਲੇ ਹਥਿਆਰਾਂ ਸਮੇਤ ਬੰਬ ਧਮਾਕਿਆਂ ਦੀ ਸਮੱਗਰੀ ਨੂੰ ਲੈ ਕੇ ਪੁਲਸ ਇਸ ਦੇ ਤਾਰ ਮਕਸੂਦਾਂ ਥਾਣਾ ਬਲਾਸਟ ਨਾਲ ਜੋੜ ਰਹੀ ਹੈ। ਜ਼ਿਕਰਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੇ ਦਿਨੀਂ ਜਲੰਧਰ ਦੇ ਥਾਣਾ ਮਕਸੂਦਾਂ ‘ਚ 4 ਬੰਬ ਧਮਾਕੇ ਕੀਤੇ ਗਏ ਸਨ। ਇਸ ਘਟਨਾ ‘ਚ ਖਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਅਤੇ ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਸਮੇਤ ਥਾਣੇ ਦਾ ਸੰਤਰੀ ਜ਼ਖਮੀ ਹੋ ਗਏ ਸਨ। ਬੰਬ ਧਮਾਕਿਆਂ ਦੀ ਲਈ ਦਿੱਲੀ ਦੀ ਫੋਰੈਂਸਿਕ ਟੀਮ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਵੱਲੋਂ ਬੰਬ ਧਮਾਕਿਆਂ ਦੀ ਜਾਂਚ ਕੀਤੀ ਗਈ ਪਰ ਅਜੇ ਤੱਕ ਪੁਲਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਹੈ।
ਮਾਮਲਾ ਦੇਸ਼ ਨਾਲ ਜੁੜੇ ਹੋਣ ਕਰਕੇ ਅਸੀਂ ਸਹਿਯੋਗ ਦਿੱਤਾ: ਮਨਬੀਰ ਸਿੰਘ
ਉਥੇ ਹੀ ਸਿਟੀ ਇੰਸਟੀਚਿਊਟ ਦੇ ਡਾਇਰੈਕਟਰ ਮਨਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮਿਲਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਤਵਾਦੀ ਸਾਜਿਸ਼ ਹੋਣ ਦਾ ਸ਼ੱਕ ਜਤਾਉਂਦੇ ਹੋਏ ਹੋਸਟਲ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਗੱਲ ਕਹੀ। ਮਾਮਲਾ ਦੇਸ਼ ਦੀ ਸੁੱਰਖਿਆ ਦੇ ਨਾਲ ਜੁੜਿਆ ਹੋਣ ਕਰਕੇ ਸਿਟੀ ਇੰਸਟੀਚਿਊਟ ਦੀ ਮੈਨੇਜਮੈਂਟ ਨੇ ਪੁਲਸ ਦਾ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਨੇ 2 ਵਿਦਿਆਰਥੀਆਂ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਹੋਸਟਲ ਦੇ ਕਮਰੇ ‘ਚੋਂ 3 ਮੁਸਲਮਾਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਡਾਇਰੈਕਟਰ ਮਨਬੀਰ ਸਿੰਘ ਨੇ ਵੀ ਦੱਸਿਆ ਕਿ ਸਿਟੀ ਇੰਸਟੀਚਿਊਟ ‘ਚ 300 ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ‘ਚੋਂ 100 ਸ਼ਾਹਪੁਰ ਕੈਂਪਸ, 100 ਮਕਸੂਦਾਂ ਕੈਂਪਸ, 100 ਲੁਧਿਆਣਾ ਇੰਸਟੀਚਿਊਟ ‘ਚ ਸ਼ਾਮਲ ਹਨ।

You must be logged in to post a comment Login