ਇਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਮਾਛੀਕੇ ਵਿਚ ਅੱਜ ਸ਼ਨਿੱਚਰਵਾਰ ਸਵੇਰੇ ਭਾਰਤੀ ਮੂਲ ਦੇ ਅਮਰੀਕਾ ਨਾਗਰਿਕ ਨੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿਚ ਆਪਣੇ ਸਕੇ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਡੀ ਐੱਸ ਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਪਿੰਡ ਮਾਛੀਕੇ ਅਤੇ ਮੁਲਜ਼ਮ ਦੀ ਪਛਾਣ ਬਹਾਦਰ ਸਿੰਘ ਸੇਖੋਂ ਵਜੋਂ ਹੋਈ ਹੈ। ਮੁਲਜਮ ਅਤੇ ਮ੍ਰਿਤਕ ਦੋਵੇਂ ਤਾਇਆ ਭਤੀਜਾ ਸਨ। ਮੁਲਜ਼ਮ ਅਮਰੀਕਾ ਦਾ ਨਾਗਰਿਕ ਹੈ। ਇਹ ਵੀ ਚਰਚਾ ਹੈ ਕਿ ਮੁਲਜ਼ਮ ਨੇ ਆਪਣੇ ਭਤੀਜੇ ਦੇ ਮੱਥੇ ਵਿਚ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੀ ਗੱਡੀ ਮ੍ਰਿਤਕ ਦੀ ਲਾਸ਼ ਉੱਤੋਂ ਦੀ ਲੰਘਾਈ। ਨਵਦੀਪ ਸਿੰਘ ਆੜ੍ਹਤੀ ਦਾ ਕੰਮ ਕਰਦਾ ਸੀ।ਪੁਲੀਸ ਮੁਤਾਬਕ ਬਹਾਦਰ ਸਿੰਘ ਸੇਖੋਂ ਦੀ ਅਪਣੇ ਭਤੀਜੇ ਨਵਦੀਪ ਸਿੰਘ ਨਾਲ ਖੇਤ ਵਿਚ ਹੀ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਉਸ ਨੇ ਮੌਕੇ ’ਤੇ ਰਿਵਾਲਵਰ ਨਾਲ ਭਤੀਜੇ ’ਤੇ ਗੋਲੀ ਚਲਾ ਦਿੱਤੀ। ਇਸ ਵਾਰਦਾਤ ਤੋਂ ਬਾਅਦ ਬਹਾਦਰ ਘਰ ਆ ਗਿਆ ਤਾਂ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ਉੱਤੇ ਪੱਜੀ ਪੁਲੀਸ ਨੇ ਬਹਾਦਰ ਨੂੰ ਹਿਰਾਸਤ ਵਿਚ ਲੈ ਲਿਆ। ਚੌਕੀ ਇੰਚਾਰਜ ਬਿਲਾਸਪੁਰ ਜਸਵੰਤ ਸਿੰਘ ਸਰਾ ਨੇ ਕਿਹਾ ਕਿ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ ਹੈ। ਨਵਦੀਪ ਸਿੰਘ ਦਾ ਪਿਤਾ ਪਿੰਡ ਦਾ ਸਾਬਕਾ ਸਰਪੰਚ ਸੀ।

You must be logged in to post a comment Login