ਜ਼ਹਿਰੀਲੀ ਸ਼ਰਾਬ ਕਾਰਨ ਮ੍ਰਿਤਕਾਂ ਦੀ ਗਿਣਤੀ 21 ਹੋਈ

ਜ਼ਹਿਰੀਲੀ ਸ਼ਰਾਬ ਕਾਰਨ ਮ੍ਰਿਤਕਾਂ ਦੀ ਗਿਣਤੀ 21 ਹੋਈ

ਸੰਗਰੂਰ, 23 ਮਾਰਚ- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁੱਜਰਾਂ, ਢੰਡੋਲੀ ਅਤੇ ਰਵਿਦਾਸਪੁਰਾ ਟਿੱਬੀ ਸੁਨਾਮ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਸਬੰਧ ਵਿਚ ਉਚ ਪੱਧਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਣਾਈ ਚਾਰ ਮੈਂਬਰੀ ਟੀਮ ਵਿਚ ਹਰਚਰਨ ਸਿੰਘ ਭੁੱਲਰ ਡੀਆਈਜੀ ਪਟਿਆਲਾ ਰੇਂਜ, ਸਰਤਾਜ ਸਿੰਘ ਚਾਹਲ ਐੱਸਐੱਸਪੀ ਸੰਗਰੂਰ ਅਤੇ ਨਰੇਸ਼ ਦੂਬੇ ਅਡੀਸ਼ਨਲ ਕਮਿਸ਼ਨਰ ਐਕਸਾਈਜ਼ ਵਿਭਾਗ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ।ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਐੱਸਡੀਐੱਮ ਦਿੜਬਾ ਦੀ ਅਗਵਾਈ ਹੇਠ ਜਾਂਚ ਲਈ ਵੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਪੁਲੀਸ ਵਲੋਂ ਵੀ ਐੱਸਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਜਾ ਚੁੱਕੀ ਹੈ। ਅੱਜ ਪੰਜਾਬ ਸਰਕਾਰ ਵਲੋਂ ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਦੀ ਐੱਸਆਈਟੀ ਬਣਾਈ ਗਈ ਹੈ। ਇਸ ਦੌਰਾਨ ਪੀੜਤਾਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਹੋ ਗਈ ਹੈ। ਪੀੜਤ ਧਿਰ ਤੇ ਹੋਰ ਜਥੇਬੰਦੀਆਂ ਨੇ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ ਚੁੱਕ ਦਿੱਤਾ ਤੇ ਲਾਸ਼ਾਂ ਦੀ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

You must be logged in to post a comment Login