ਜ਼ੂਬਿਨ ਗਰਗ ਦੀ ਪਤਨੀ ਨੇ ਪੋਸਟਮਾਰਟਮ ਰਿਪੋਰਟ ਪੁਲੀਸ ਨੂੰ ਵਾਪਸ ਕੀਤੀ

ਜ਼ੂਬਿਨ ਗਰਗ ਦੀ ਪਤਨੀ ਨੇ ਪੋਸਟਮਾਰਟਮ ਰਿਪੋਰਟ ਪੁਲੀਸ ਨੂੰ ਵਾਪਸ ਕੀਤੀ

ਗੁਹਾਟੀ, 4 ਅਕਤੂਬਰ : ਮਰਹੂਮ ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਨੇ ਸ਼ਨਿਚਰਵਾਰ ਨੂੰ ਆਪਣੇ ਪਤੀ ਦੀ ਪੋਸਟਮਾਰਟਮ ਰਿਪੋਰਟ ਪੁਲੀਸ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ‘ਨਿੱਜੀ ਦਸਤਾਵੇਜ਼’ ਨਹੀਂ ਹੈ ਅਤੇ ਜਾਂਚਕਰਤਾ ਹੀ ਇਸ ਸਬੰਧੀ ਫ਼ੈਸਲਾ ਕਰ ਸਕਦੇ ਹਨ ਕਿ ਇਹ ਦਸਤਾਵੇਜ਼ ਜਨਤਕ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਆਪਣੀ ਰਿਹਾਇਸ਼ ਤੋਂ ਸੀ ਆਈ ਡੀ ਦੇ ਵਧੀਕ ਐਸ ਪੀ ਮੋਰਾਮੀ ਦਾਸ ਦੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਰਿਮਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਿੰਗਾਪੁਰ ਵਿੱਚ ਗਾਇਕ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਚੱਲ ਰਹੀ ਜਾਂਚ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਅੱਗੇ ਕਿਹਾ, ‘ਮੈਂ ਨਿੱਜੀ ਤੌਰ ’ਤੇ ਸੋਚਿਆ ਅਤੇ ਸੁਝਾਅ ਵੀ ਲਏ। ਜਿਵੇਂ ਕਿ ਜਾਂਚ ਚੱਲ ਰਹੀ ਹੈ, ਮੈਂ ਇਸ ਰਿਪੋਰਟ ਨੂੰ ਆਪਣਾ ਨਿੱਜੀ ਦਸਤਾਵੇਜ਼ ਨਹੀਂ ਸਮਝਿਆ। ਇਸ ਲਈ ਮੈਂ ਇਸ ਨੂੰ ਜਾਂਚ ਅਧਿਕਾਰੀ ਨੂੰ ਵਾਪਸ ਕਰ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਉਹ ਸਿਰਫ਼ ਚਾਹੁੰਦੀ ਹੈ ਕਿ ਜਾਂਚ ਸਹੀ ਢੰਗ ਨਾਲ ਹੋਵੇ ਅਤੇ ਉਹ ਜਲਦੀ ਤੋਂ ਜਲਦੀ ਤੱਥਾਂ ਨੂੰ ਜਾਣਨ ਦੀ ਇੱਛਾ ਰੱਖਦੀ ਹੈ। ਉਨ੍ਹਾਂ ਕਿਹਾ, ‘ਮੈਨੂੰ ਕਾਨੂੰਨ ਬਾਰੇ ਕੁਝ ਨਹੀਂ ਪਤਾ। ਮੈਨੂੰ ਨਹੀਂ ਪਤਾ ਕਿ ਇਸ (ਪੋਸਟਮਾਰਟਮ ਰਿਪੋਰਟ) ਨੂੰ ਜਨਤਕ ਕਰਨ ਨਾਲ ਚੱਲ ਰਹੀ ਜਾਂਚ ਵਿੱਚ ਕੋਈ ਰੁਕਾਵਟ ਆਵੇਗੀ ਜਾਂ ਨਹੀਂ। ਇਸੇ ਲਈ ਮੈਂ ਰਿਪੋਰਟ ਵਾਪਸ ਕਰ ਦਿੱਤੀ ਹੈ।’ ਜਦੋਂ ਗਰਿਮਾ ਨੂੰ ਜ਼ੂਬਿਨ ਗਰਗ ਦੇ ਬੈਂਡ ਮੈਂਬਰ ਸ਼ੇਖਰ ਜੋਤੀ ਗੋਸਵਾਮੀ ਵੱਲੋਂ ਪੁਲੀਸ ਅੱਗੇ ਕੀਤੇ ਗਏ ਦਾਅਵੇ ਕਿ ਗਾਇਕ ਨੂੰ ਜ਼ਹਿਰ ਦਿੱਤਾ ਗਿਆ ਸੀ, ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਵਾਲ ਕੀਤਾ ਕਿ ਉਹ ਇੰਨੇ ਲੰਬੇ ਸਮੇਂ ਤੋਂ ਚੁੱਪ ਕਿਉਂ ਸੀ।

You must be logged in to post a comment Login