ਨਿਊਯਾਰਕ, 6 ਨਵੰਬਰ : ਭਾਰਤੀ ਮੂਲ ਦੇ ਆਗੂ ਜ਼ੋਹਰਾਨ ਮਮਦਾਨੀ (34) ਨੇ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਦੀ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਪਹਿਲਾ ਦੱਖਣ ਏਸ਼ਿਆਈ, ਮੁਸਲਿਮ ਅਤੇ ਸਦੀ ਦਾ ਸਭ ਤੋਂ ਛੋਟੀ ਉਮਰ ਦਾ ਆਗੂ ਬਣ ਗਿਆ ਹੈ ਜਿਸ ਨੇ ਦੁਨੀਆ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਨਿਊਯਾਰਕ ਦੀ ਕਮਾਨ ਸੰਭਾਲੀ ਹੈ। ਭਾਰਤੀ ਫਿਲਮਸਾਜ਼ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਜ਼ੋਹਰਾਨ ਨੇ ਨਿਊਯਾਰਕ ਦੇ ਸਾਬਕਾ ਗਵਰਨਰ ਅਤੇ ਆਜ਼ਾਦ ਉਮੀਦਵਾਰ ਐਂਡਰਿਊ ਕੋਮੋ ਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲੀਵਾ ਨੂੰ ਹਰਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੋਧ ਦੇ ਬਾਵਜੂਦ ਮਮਦਾਨੀ ਦੀ ਇਤਿਹਾਸਕ ਜਿੱਤ ਨੂੰ 84 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਦੇ ਪ੍ਰਸ਼ਾਸਨਿਕ ਕੰਮਕਾਜ ’ਚ ਅਗਾਂਹਵਧੂ ਸਿਆਸਤ ਦੇ ਦੌਰ ਦੀ ਵਾਪਸੀ ਮੰਨਿਆ ਜਾ ਰਿਹਾ ਹੈ। ਉਸ ਨੇ ਕਿਰਤੀਆਂ ਦੇ ਮੁੱਦਿਆਂ ਨੂੰ ਤਰਜੀਹ ਦੇਣ ਦਾ ਅਹਿਦ ਲੈਂਦਿਆਂ ਨਿਊਯਾਰਕ ’ਚ ਬੱਚਿਆਂ ਦੀ ਮੁਫ਼ਤ ਸਾਂਭ-ਸੰਭਾਲ, ਮੁਫ਼ਤ ਬੱਸ ਸੇਵਾਵਾਂ ਅਤੇ ਸਰਕਾਰੀ ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਜਿਹੇ ਵਾਅਦੇ ਕੀਤੇ ਹਨ। ਜਿੱਤ ਮਗਰੋਂ ਆਪਣੇ ਜੋਸ਼ੀਲੇ ਭਾਸ਼ਣ ’ਚ ਮਮਦਾਨੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੱਲੋਂ 1947 ’ਚ ਦਿੱਤੇ ਗਏ ਮਸ਼ਹੂਰ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਊਯਾਰਕ ‘ਪੁਰਾਣੇ ਤੋਂ ਨਵੇਂ’ ਯੁੱਗ ਵੱਲ ਵੱਧ ਰਿਹਾ ਹੈ। ਯੂਗਾਂਡਾ ’ਚ ਜਨਮੇ ਜ਼ੋਹਰਾਨ ਨੇ ਬਰੁਕਲਿਨ ਪੈਰਾਮਾਊਂਟ ਥਿਏਟਰ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਨਿਊਯਾਰਕ, ਤੁਸੀਂ ਅੱਜ ਰਾਤ ਤਬਦੀਲੀ ਅਤੇ ਨਵੀਂ ਤਰ੍ਹਾਂ ਦੀ ਸਿਆਸਤ ਦਾ ਫ਼ਤਵਾ ਦਿੱਤਾ ਹੈ। ਇਹ ਅਜਿਹੇ ਸ਼ਹਿਰ ਲਈ ਫ਼ਤਵਾ ਹੈ ਜਿਸ ਦੇ ਰਹਿਣ ਸਹਿਣ ਦੇ ਖ਼ਰਚਿਆਂ ਨੂੰ ਅਸੀਂ ਸਹਿਣ ਕਰ ਸਕਦੇ ਹਾਂ। ਤੁਹਾਡੇ ਸਾਹਮਣੇ ਖੜ੍ਹੇ ਹੋ ਕੇ ਮੈਨੂੰ ਜਵਾਹਰਲਾਲ ਨਹਿਰੂ ਦੇ ਸ਼ਬਦ ਚੇਤੇ ਆਉਂਦੇ ਹਨ, ਇਤਿਹਾਸ ’ਚ ਕਦੇ-ਕਦਾਈਂ ਅਜਿਹਾ ਪਲ ਵੀ ਆਉਂਦਾ ਹੈ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਯੁੱਗ ’ਚ ਕਦਮ ਰਖਦੇ ਹਾਂ। ਜਦੋਂ ਇਕ ਯੁੱਗ ਖ਼ਤਮ ਹੁੰਦਾ ਹੈ ਤੇ ਜਦੋਂ ਕਿਸੇ ਰਾਸ਼ਟਰ ਦੀ ਲੰਮੇ ਸਮੇਂ ਤੋਂ ਦਬਾਈ ਗਈ ਆਤਮਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਮਿਲਦੀ ਹੈ।’’ ਉਹ ਨਿਊਯਾਰਕ ਦੇ 111ਵੇਂ ਮੇਅਰ ਵਜੋਂ ਜਨਵਰੀ ’ਚ ਹਲਫ਼ ਲੈਣਗੇ। ਕੁਈਨਜ਼ ਸਟੇਟ ਅਸੈਂਬਲੀ ਦੇ ਮੌਜੂਦਾ ਮੈਂਬਰ ਮਮਦਾਨੀ ਨੂੰ 50 ਫ਼ੀਸਦ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਟਰੰਪ ਦੀ ਹਮਾਇਤ ਹਾਸਲ ਕਿਊਮੋ ਨੂੰ 40 ਅਤੇ ਸਲੀਵਾ ਨੂੰ 7 ਫ਼ੀਸਦ ਵੋਟਾਂ ਹੀ ਮਿਲੀਆਂ। ਮਮਦਾਨੀ ਨੇ ਆਪਣੇ ਭਾਸ਼ਣ ’ਚ ਟਰੰਪ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ’ਚ ਇਮੀਗਰੇਸ਼ਨ ’ਤੇ ਸਖ਼ਤ ਕਾਰਵਾਈ ਆਰੰਭੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਨੂੰ ਪਰਵਾਸੀ ਚਲਾਉਗੇ ਅਤੇ ਹੁਣ ਇਸ ਦੀ ਅਗਵਾਈ ਵੀ ਪਰਵਾਸੀ ਹੀ ਕਰੇਗਾ। ਟਰੰਪ ਨੇ ਵੋਟਰਾਂ ਨੂੰ ਲਗਾਤਾਰ ਅਪੀਲ ਕੀਤੀ ਸੀ ਕਿ ਉਹ ਜਮਹੂਰੀ ਸਮਾਜਵਾਦੀ ਉਮੀਦਵਾਰ ਮਮਦਾਨੀ ਨੂੰ ਵੋਟ ਨਾ ਪਾਉਣ। ਮਮਦਾਨੀ ਦੇ ਭਾਸ਼ਣ ਦੌਰਾਨ ਪਿਛੋਕੜ ’ਚ ਮਸ਼ਹੂਰ ਹਿੰਦੀ ਫਿਲਮ ‘ਧੂਮ’ ਦਾ ਗੀਤ ‘ਧੂਮ ਮਚਾ ਲੇ’ ਵੱਜਦਾ ਰਿਹਾ। ਬੌਲੀਵੁੱਡ ਹਸਤੀਆਂ ਸ਼ਬਾਨਾ ਆਜ਼ਮੀ, ਜ਼ੋਯਾ ਅਖ਼ਤਰ, ਹੰਸਲ ਮਹਿਤਾ, ਸੋਨਮ ਕਪੂਰ, ਅਲੀ ਫ਼ਜ਼ਲ ਅਤੇ ਹੋਰਾਂ ਨੇ ਜ਼ੋਹਰਾਨ ਮਮਦਾਨੀ ਅਤੇ ਉਸ ਦੀ ਮਾਂ ਫਿਲਮਸਾਜ਼ ਮੀਰਾ ਨਾਇਰ ਨੂੰ ਵਧਾਈ ਦਿੱਤੀ ਹੈ।

You must be logged in to post a comment Login