ਜਾਹਨਵੀ ਕੰਦੂਲਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਸਿਆਟਲ ’ਚ ਰੈਲੀ

ਜਾਹਨਵੀ ਕੰਦੂਲਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਸਿਆਟਲ ’ਚ ਰੈਲੀ

ਸਿਆਟਲ (ਅਮਰੀਕਾ), 17 ਸਤੰਬਰ- ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਵਾਸਤੇ ਨਿਆਂ ਤੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਜੇਲ੍ਹ ਭੇਜਣ ਦੀ ਮੰਗ ਕਰਦੇ ਹੋਏ ਦੱਖਣੀ ਏਸ਼ਿਆਈ ਭਾਈਚਾਰੇ ਦੇ 100 ਤੋਂ ਵੱਧ ਮੈਂਬਰਾਂ ਨੇ ਇਕ ਰੈਲੀ ਕੀਤੀ। ਇਹ ਰੈਲੀ ਉਸੇ ਥਾਂ ’ਤੇ ਹੋਈ ਜਿੱਥੇ ਪੁਲੀਸ ਦੀ ਤੇਜ਼ ਰਫ਼ਤਾਰ ਕਾਰ ਨੇ ਕੰਦੂਲਾ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਇਹ ਕਾਰ ਕੇਵਿਨ ਡੇਵ ਨਾਮ ਦਾ ਅਧਿਕਾਰੀ ਚਲਾ ਰਿਹਾ ਸੀ। ਉਹ ਨਸ਼ੀਲੇ ਪਦਾਰਥ ਦੀ ਓਵਰਡੋਜ਼ ਨਾਲ ਸਬੰਧਤ ਇਕ ਮਾਮਲੇ ਦੀ ਸੂਚਨਾ ਮਿਲਣ ’ਤੇ ਨੇਮਾਂ ਦੀ ਉਲੰਘਣਾ ਕਰ ਕੇ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ। ਸਿਆਟਲ ਖੇਤਰ ਦੇ ਦੱਖਣੀ ਏਸ਼ਿਆਈ ਭਾਈਚਾਰੇ ਦੇ 100 ਤੋਂ ਵੱਧ ਮੈਂਬਰ ਬੀਤੇ ਦਿਨ ਡੈਨੀ ਪਾਰਕ ਵਿਚ ਇਕੱਤਰ ਹੋਏ ਅਤੇ ਉਨ੍ਹਾਂ ਉਸ ਚੌਕ ਤੱਕ ਰੈਲੀ ਕੱਢੀ ਜਿੱਥੇ ਕੰੰਦੂਲਾ ਨੂੰ ਟੱਕਰ ਮਾਰੀ ਗਈ ਸੀ। ਇਸ ਦੌਰਾਨ ਮੈਂਬਰਾਂ ਦੇ ਹੱਥਾਂ ’ਚ ਤਖ਼ਤੀਆਂ ਸਨ ਜਿਨ੍ਹਾਂ ’ਤੇ ਲਿਖਿਆ ਸੀ, ‘ਜਾਹਨਵੀ ਦਾ ਮੁੱਲ ਸਿਆਟਲ ਪੁਲੀਸ ਵਿਭਾਗ ਨਾਲੋਂ ਜ਼ਿਆਦਾ ਹੈ’ ਅਤੇ ‘ਜਾਹਨਵੀ ਨੂੰ ਨਿਆਂ ਦਿਓ, ਹੱਤਿਆਰੇ ਪੁਲੀਸ ਕਰਮੀ ਨੂੰ ਜੇਲ੍ਹ।’’ ਇਹ ਰੈਲੀ ਬੋਥੇਲ ਸਥਿਤ ਜਥੇਬੰਦੀ ‘ਉਤਸਵ’ ਨੇ ਕੀਤੀ ਜੋ ਕਿ ਦੱਖਣੀ ਏਸ਼ਿਆਈ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰੇ ਨਾਲ ਜੋੜਨ ’ਚ ਮਦਦ ਕਰਦੀ ਹੈ। ‘ਉਤਸਵ’ ਦੇ ਸੰਸਥਾਪਕ ਅਰੁਣ ਸ਼ਰਮਾ ਨੇ ਕਿਹਾ ਕਿ ਜੇਕਰ ਪੁਲੀਸ ਵਿਭਾਗ ਆਡਰਰ ਤੇ ਡੇਵ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਤਾਂ ਜਥੇਬੰਦੀ ਆਪਣੀ ਕਾਰਵਾਈ ਅੱਗੇ ਵਧਾਉਣ ਦੀ ਯੋਜਨਾ ਵਧਾਏਗੀ।

You must be logged in to post a comment Login