ਜਿਮ ਤੋਂ ਪਰਤ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਜਿਮ ਤੋਂ ਪਰਤ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਚੇਤਨਪੁਰਾ, 12 ਨਵੰਬਰ- ਪੁਲੀਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਲਸ਼ਕਰੀ ਨੰਗਲ ਦੇ ਦੋ ਨੌਜਵਾਨਾਂ ਦੀ ਸੋਮਵਾਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦ ਖ਼ਬਰ ਮਿਲੀ ਹੈ। ਦੋਵੇਂ ਨੌਜਵਾਨਾਂ ਦੀ ਪਛਾਣ ਸਮਰੱਥ ਸਿੰਘ (17) ਪੁੱਤਰ ਰਸ਼ਪਾਲ ਸਿੰਘ ਅਤੇ ਲਵਪ੍ਰੀਤ ਸਿੰਘ (19) ਪੁੱਤਰ ਹਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਰੱਥ ਸਿੰਘ ਅਤੇ ਲਵਪ੍ਰੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਫਤਿਹਗੜ੍ਹ ਚੂੜੀਆਂ ਤੋਂ ਜਿਮ ਲਾ ਕੇ ਆਪਣੀ ਐਕਟਵਾ ਸਕੂਟਰੀ ’ਤੇ ਵਾਪਸ ਪਿੰਡ ਵੱਲ ਨੂੰ ਆ ਰਹੇ ਸਨ ਕਿ ਪਿੰਡ ਹਰਦੋਪੁਤਲੀ ਨੇੜੇ ਐਕਟਵਾ ਸਕੂਟਰੀ ਦੇ ਇਕ ਦਰਖਤ ਨਾਲ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ 108 ਐਬੂਲੈਂਸ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਪਰ ਦੋਵਾਂ ਨੌਜਵਾਨਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਇਨ੍ਹਾਂ ਦੀ ਹੋਈ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

You must be logged in to post a comment Login