ਜਿੱਤ ਦਾ ਸਿਹਰਾ ਟੀਮ ਦੇ ਹਰ ਮੈਂਬਰ ਸਿਰ: ਹਰਮਨਪ੍ਰੀਤ

ਜਿੱਤ ਦਾ ਸਿਹਰਾ ਟੀਮ ਦੇ ਹਰ ਮੈਂਬਰ ਸਿਰ: ਹਰਮਨਪ੍ਰੀਤ

ਮੁੰਬਈ, 3 ਨਵੰਬਰ : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਐਤਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਆਈਸੀਸੀ ਵਿਸ਼ਵ ਕੱਪ ਟਰਾਫੀ ਜਿੱਤ ਕੇ ਇਤਿਹਾਸ ਰਚਣ ਮਗਰੋਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਟੀਮ ਦੀ ਹਰੇਕ ਮੈਂਬਰ ਨੂੰ ਜਾਂਦਾ ਹੈ। ਹਰਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰ਼ੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਆਈਸੀਸੀ ਟਰਾਫੀ ਜਿੱਤੀ।ਹਰਮਨਪ੍ਰੀਤ ਕੌਰ ਨੇ ਮੈਚ ਮਗਰੋਂ ਕਿਹਾ, ‘‘ਜਿੱਤ ਦਾ ਸਿਹਰਾ ਟੀਮ ਨੂੰ ਤੇ ਟੀਮ ਦੀ ਹਰੇਕ ਮੈਂਬਰ ਨੂੰ ਜਾਂਦਾ ਹੈ। ਅਸੀਂ ਲਗਾਤਾਰ ਤਿੰਨ ਮੈਚ ਹਾਰੇ ਸੀ ਪਰ ਇਸ ਤੋਂ ਬਾਅਦ ਜਿਵੇਂ ਅਸੀਂ ਖੇਡੇ। ਸਾਨੂੰ ਪਤਾ ਸੀ ਕਿ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ। ਅਸੀਂ ਆਪਣੇ ’ਤੇ ਭਰੋਸਾ ਰੱਖਿਆ ਤੇ ਸਕਾਰਾਤਮਕ ਰਹੇ। ਇਹ ਟੀਮ ਜਿੱਤ ਦੀ ਹੱਕਦਾਰ ਸੀ। ਬੀਸੀਸੀਆਈ ਤੇ ਦਰਸ਼ਕ ਉਤਰਾਅ ਚੜਾਅ ਦੌਰਾਨ ਸਾਡੇ ਨਾਲ ਰਹੇ।’’ਹਰਮਨਪ੍ਰੀਤ ਨੇ ਸ਼ੈਫਾਲੀ ਵਰਮਾ ਦੀ ਗੇਂਦਬਾਜ਼ੀ ’ਤੇ ਕਿਹਾ, ‘‘ਜਦੋਂ ਲੌਰਾ ਬੋਲਵਾਰਟ ਤੇ ਸੁਨੇ ਲੁਸ ਬਹੁਤ ਚੰਗੀ ਬੱਲੇਬਾਜ਼ੀ ਕਰ ਰਹੀਆਂ ਸਨ ਤਾਂ ਮੈਂ ਸ਼ੈਫਾਲੀ ਨੂੰ ਦੇਖਿਆ। ਉਸ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਸੀ ਤਾਂ ਮੈਨੂੰ ਲੱਗਿਆ ਕਿ ਉਸ ਨੂੰ ਘੱਟੋ ਘੱਟ ਇਕ ਓਵਰ ਦਾ ਦੇਣਾ ਬਣਦਾ ਹੈ। ਸਾਡੇ ਲਈ ਇਹ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਉਸ ਨੇ ਕਿਹਾ ਜੇਕਰ ਗੇਂਦਬਾਜ਼ੀ ਕਰਾਂਗੀ ਤਾਂ 10 ਓਵਰ ਸੁੱਟਾਂਗੀ। ਜਿੱਤ ਦਾ ਸਿਹਰਾ ਉਸ ਦੇ ਸਿਰ ਵੀ ਬੱਝਦਾ ਹੈ। ਉਹ ਕਾਫ਼ੀ ਸਕਾਰਾਤਮਕ ਸੀ। ਉਸ ਨੂੰ ਸਲਾਮ।’’

You must be logged in to post a comment Login